ਤਾਜਾ ਖਬਰਾਂ
ਨਵਾਂਸ਼ਹਿਰ, 17 ਜੂਨ 2025 – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਖਿਡਾਰੀ ਪ੍ਰਤਿਭਾ ਨੂੰ ਮਜਬੂਤ ਬੁਨਿਆਦ ਦੇਣ ਲਈ ਵੱਡਾ ਕਦਮ ਚੁਕਦਿਆਂ ਨਵਾਂਸ਼ਹਿਰ ਜਿਲ੍ਹੇ ਵਿੱਚ 6 ਨਵੀਆਂ ਖੇਡ ਨਰਸਰੀਆਂ ਦੀ ਸਥਾਪਨਾ ਕੀਤੀ ਗਈ ਹੈ। ਇਹ ਨਰਸਰੀਆਂ ਐਥਲਟਿਕਸ, ਫੁੱਟਬਾਲ, ਵਾਲੀਬਾਲ, ਬੈਡਮਿੰਟਨ ਅਤੇ ਕੁਸ਼ਤੀ ਵਰਗੀਆਂ ਲੋਕਪ੍ਰਿਯ ਖੇਡਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਨਰਸਰੀਆਂ ਦੀ ਸ਼ੁਰੂਆਤ 'ਤੇ ਖੁਸ਼ੀ ਜਤਾਈ ਅਤੇ ਕੋਚਾਂ ਦੀ ਨਿਯੁਕਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਕੋਸ਼ਿਸ਼ ਸਿਰਫ ਖੇਡਾਂ ਦੇ ਵਿਕਾਸ ਲਈ ਨਹੀਂ, ਸਗੋਂ ਨੌਜਵਾਨਾਂ ਦੀ ਨਵੀਂ ਪੀੜ੍ਹੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵੱਲ ਇਕ ਮਜ਼ਬੂਤ ਕਦਮ ਹੈ। ਉਨ੍ਹਾਂ ਕਿਹਾ ਕਿ ਤਜਰਬੇਕਾਰ ਕੋਚਾਂ ਦੀ ਨਿਯੁਕਤੀ ਨਾਲ ਖਿਡਾਰੀਆਂ ਨੂੰ ਪ੍ਰੋਫੈਸ਼ਨਲ ਮਾਰਗਦਰਸ਼ਨ ਮਿਲੇਗਾ ਜੋ ਉਨ੍ਹਾਂ ਦੀ ਪ੍ਰਦਰਸ਼ਨ-ਕੁਸ਼ਲਤਾ ਨੂੰ ਨਿਖਾਰੇਗਾ।
ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੋਹਾਨ ਨੇ ਨਵੀਆਂ ਨਰਸਰੀਆਂ ਅਤੇ ਕੋਚਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਗਤਪੁਰ ਪਿੰਡ ਵਿੱਚ ਫੁੱਟਬਾਲ ਕੋਚ ਸਤਵੀਰ ਸਿੰਘ, ਥੋਪੀਆਂ ਵਿੱਚ ਵਾਲੀਬਾਲ ਕੋਚ ਮਨਪ੍ਰੀਤ ਸਿੰਘ, ਨਵਾਂਸ਼ਹਿਰ ਬੈਡਮਿੰਟਨ ਹਾਲ ਵਿੱਚ ਕੋਚ ਰਮਨਦੀਪ ਸਿੰਘ ਅਤੇ ਰਾਏਪੁਰ ਡੱਬਾ ਵਿਖੇ ਕੁਸ਼ਤੀ ਕੋਚ ਜਸਪ੍ਰੀਤ ਸਿੰਘ ਦੀ ਨਿਯੁਕਤੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਰਸਰੀਆਂ ਦੀ ਸਰਗਰਮੀ ਅਤੇ ਪ੍ਰਬੰਧਨ ਲਈ ਇੱਕ ਸੁਪਰਵਾਇਜ਼ਰ ਵੀ ਤਾਇਨਾਤ ਕੀਤਾ ਗਿਆ ਹੈ। ਕੋਚਾਂ ਵੱਲੋਂ ਵੀ ਆਪਣੇ ਕੰਮ ਪ੍ਰਤੀ ਲਗਨ ਅਤੇ ਸਮਰਪਣ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਨਵੀਂ ਪਹਿਲ ਜਿਲ੍ਹੇ ਲਈ ਇੱਕ ਨਵੀਨ ਯੁਗ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ, ਜਿੱਥੇ ਖਿਡਾਰੀਆਂ ਨੂੰ ਮੌਕੇ ਅਤੇ ਮਾਰਗਦਰਸ਼ਨ ਮਿਲਣਗੇ।
Get all latest content delivered to your email a few times a month.