ਤਾਜਾ ਖਬਰਾਂ
ਪੰਜਾਬ ਸਰਕਾਰ ਅਤੇ ਕਾਰਜਕਾਰੀ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੀ ਹਦਾਇਤਾਂ ਹੇਠ ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆ ਅਤੇ ਵੱਧ ਰਹੀ ਗਰਮੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਸੀਨੀਅਰ ਮੈਡੀਕਲ ਅਫ਼ਸਰ ਡਾ. ਧੀਰਾ ਗੁਪਤਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਡੇਂਗੂ, ਮਲੇਰੀਆ ਅਤੇ ਵੱਧ ਰਹੀ ਗਰਮੀ ਤੋਂ ਬਚਾਅ ਲਈ ਉਚਿਤ ਤਿਆਰੀਆਂ ਅਤੇ ਜਨਤਾ ਨੂੰ ਜਾਗਰੂਕ ਕਰਨ ਬਾਰੇ ਚਰਚਾ ਕੀਤੀ ਗਈ। ਐਸ.ਐਮ.ਓ. ਵੱਲੋਂ ਚਿਤਾਵਨੀ ਦਿੱਤੀ ਗਈ ਕਿ ਵਧ ਰਹੀ ਗਰਮੀ ਖ਼ਾਸ ਕਰਕੇ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਗਰਮੀ ਲੱਗਣ ਦੇ ਲੱਛਣ ਜਿਵੇਂ ਕਿ ਚੱਕਰ, ਬੇਚੈਨੀ, ਪਿਆਸ, ਉਲਟੀਆਂ ਜਾਂ ਪਸੀਨਾ ਨਾ ਆਉਣਾ ਵਰਗੀਆਂ ਸਥਿਤੀਆਂ ਦੱਸਦਿਆਂ ਜ਼ਰੂਰੀ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਸਲਾਹ ਦਿੱਤੀ ਕਿ ਐਸੇ ਵਿਅਕਤੀ ਨੂੰ ਝਟ ਛਾਂ ਵਿੱਚ ਬਿਠਾ ਕੇ ਠੰਡਾ ਪਾਣੀ, ਓ.ਆਰ.ਐਸ. ਘੋਲ ਅਤੇ ਮੱਥੇ 'ਤੇ ਠੰਡੀ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ।
ਡਾ. ਕਮਲ ਗਰਗ ਨੇ ਵੀ ਸੂਚਨਾ ਦਿੱਤੀ ਕਿ ਜੇਕਰ ਪਸੀਨਾ ਆਉਣਾ ਬੰਦ ਹੋ ਜਾਵੇ ਜਾਂ ਚਮੜੀ ਸੁੱਕ ਜਾਵੇ ਤਾਂ ਓਸ ਵਿਅਕਤੀ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਲਿਜਾਇਆ ਜਾਵੇ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਆਉਣ ਵਾਲੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਸਬੰਧੀ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ। ਕੂਲਰ, ਫਰਿਜ ਦੀਆਂ ਟਰੇਆਂ, ਛੱਤਾਂ ਉੱਤੇ ਪਏ ਟਾਇਰ ਜਾਂ ਹੋਰ ਐਸੇ ਭਾਂਡੇ ਜਿਨ੍ਹਾਂ ਵਿੱਚ ਪਾਣੀ ਇਕੱਠਾ ਹੋ ਸਕੇ, ਉਨ੍ਹਾਂ ਨੂੰ ਸੁਕਾਉਣ ਜਾਂ ਨਸ਼ਟ ਕਰਨ ਦੀ ਸਿਫਾਰਸ਼ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਡੇਂਗੂ ਦਾ ਲਾਰਵਾ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਲੋਕ ਸਾਵਧਾਨ ਰਹਿਣ।
ਇਸ ਮੀਟਿੰਗ ਵਿੱਚ ਹੋਰ ਸਿਹਤ ਅਧਿਕਾਰੀ ਜਿਵੇਂ ਪਵਨ ਕ੍ਰਿਸ਼ਨ ਕੁਮਾਰ, ਕੇਵਲ ਸਿੰਘ, ਰੂਪ ਸਿੰਘ, ਕਰਮਜੀਤ ਕੌਰ ਆਦਿ ਵੀ ਮੌਜੂਦ ਰਹੇ।
Get all latest content delivered to your email a few times a month.