ਤਾਜਾ ਖਬਰਾਂ
ਅੰਮ੍ਰਿਤਸਰ, 10 ਜੂਨ- ਉੱਤਰੀ ਭਾਰਤ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਨੇ ਇਤਿਹਾਸ ਰਚਦਿਆਂ ਪੀਡੀਆਟ੍ਰਿਕ ਕਾਰਡੀਓਲੋਜੀ ਇੰਟਰਵੈਂਸ਼ਨ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਇੱਥੇ 13 ਸਾਲਾ ਬੱਚੇ ਦੀ ਦਿਲ ਦੀ ਜਨਮਜਾਤ ਦੁਰਲੱਭ ਬਿਮਾਰੀ “ਸਾਈਨਸ ਵੀਨੋਸਸ ਏਐਸਡੀ” (Sinus Venosus ASD) ਅਤੇ “ਪਾਰਸ਼ੀਅਲ ਅਨੋਮਲਸ ਪਲਮੋਨਰੀ ਵੇਨ ਕਨੈਕਸ਼ਨ” (PAPVC) ਦਾ ਸਫਲ ਇਲਾਜ ਕੀਤਾ ਗਿਆ। ਇਹ ਬਿਮਾਰੀ 10 ਲੱਖ ਬੱਚਿਆਂ ਵਿੱਚੋਂ ਸਿਰਫ਼ ਇਕ ਨੂੰ ਹੁੰਦੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਹ ਕੇਸ ਡਾਕਟਰ ਸੁਨੀਤ ਰਾਹੀਂ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ ਤਹਿਤ ਸਾਹਮਣੇ ਆਇਆ ਸੀ। ਦਿਲ ਦੇ ਰੋਗਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਨੇ ਜਾਂਚ ਤੋਂ ਬਾਅਦ ਸਰਜਰੀ ਦੀ ਸਿਫਾਰਸ਼ ਕੀਤੀ ਅਤੇ ਫਿਰ ਉਨ੍ਹਾਂ ਦੀ ਅਗਵਾਈ ਹੇਠ ਜਟਿਲ ਪਰੰਤੂ ਸਫਲ ਸਰਜਰੀ ਕੀਤੀ ਗਈ।
ਇਸ ਬਿਮਾਰੀ ਨਾਲ ਪੀੜਤ ਬੱਚਿਆਂ ਨੂੰ ਆਮ ਤੌਰ 'ਤੇ ਸਾਹ ਲੈਣ ਵਿੱਚ ਮੁਸ਼ਕਿਲ, ਵਾਧੂ ਇਨਫੈਕਸ਼ਨ ਅਤੇ ਵਾਧ ਵਿਚ ਰੁਕਾਵਟ ਆਉਂਦੀ ਹੈ, ਜਿਸਦਾ ਇਲਾਜ ਅਕਸਰ ਸਿਰਜੀਕਲ ਹੁੰਦਾ ਹੈ ਜੋ ਕਈ ਵਾਰ ਜਟਿਲਤਾਵਾਂ ਨਾਲ ਭਰਪੂਰ ਹੋ ਸਕਦਾ ਹੈ। ਪਰ ਗੁਰੂ ਨਾਨਕ ਦੇਵ ਹਸਪਤਾਲ ਦੀ ਟੀਮ ਨੇ ਇਹ ਕਾਰਵਾਈ ਵਿਸ਼ੇਸ਼ ਮਾਹਿਰਤਾ ਅਤੇ ਜ਼ਿੰਮੇਵਾਰੀ ਨਾਲ ਕੀਤੀ। ਡਿਪਟੀ ਕਮਿਸ਼ਨਰ ਵੱਲੋਂ ਰੈਡ ਕਰਾਸ ਦੇ ਸਹਿਯੋਗ ਨਾਲ 2.5 ਲੱਖ ਰੁਪਏ ਦੀ ਮਦਦ ਦਿੱਤੀ ਗਈ ਅਤੇ ਸਰਜਰੀ ਮੁਫ਼ਤ ਕਰਵਾਈ ਗਈ। ਬੱਚੇ ਦੀ ਸਿਹਤ ਸਧਾਰਨ ਦੇਖਕੇ ਡਾ. ਅਜੇ ਗੁਪਤਾ ਅਤੇ ਹੋਰ ਅਧਿਕਾਰੀਆਂ ਨੇ ਡਾਕਟਰਾਂ, ਪ੍ਰਿੰਸੀਪਲ, ਡਿਪਟੀ ਮੈਡੀਕਲ ਸੁਪਰਡੈਂਟ ਅਤੇ ਨਰਸਿੰਗ ਸਟਾਫ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਇਸ ਮਾਮਲੇ ਨੇ ਸਾਬਤ ਕਰ ਦਿੱਤਾ ਕਿ ਸਰਕਾਰੀ ਹਸਪਤਾਲ ਵੀ ਉੱਚ ਦਰਜੇ ਦੀ ਤਕਨੀਕੀ ਸਹੂਲਤ ਅਤੇ ਸੰਵੇਦਨਸ਼ੀਲਤਾ ਨਾਲ ਮਰੀਜ਼ਾਂ ਦੀ ਜਾਨ ਬਚਾ ਸਕਦੇ ਹਨ।
Get all latest content delivered to your email a few times a month.