IMG-LOGO
ਹੋਮ ਪੰਜਾਬ: ਅੰਮ੍ਰਿਤਸਰ ਵਿੱਚ ਇੱਕ ਔਰਤ ਸਮੇਤ ਛੇ ਨਸ਼ਾ ਤਸਕਰ 4 ਕਿਲੋ...

ਅੰਮ੍ਰਿਤਸਰ ਵਿੱਚ ਇੱਕ ਔਰਤ ਸਮੇਤ ਛੇ ਨਸ਼ਾ ਤਸਕਰ 4 ਕਿਲੋ ਹੈਰੋਇਨ ਨਾਲ ਕਾਬੂ

Admin User - Jun 05, 2025 09:14 PM
IMG

ਚੰਡੀਗੜ੍ਹ/ਅੰਮ੍ਰਿਤਸਰ, 5 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੋਧੀ ਮੁਹਿੰਮ ਦੌਰਾਨ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਅੰਤਰਰਾਸ਼ਟਰੀ ਨਾਰਕੋ-ਤਸਕਰੀ ਕਾਰਟੈਲਾਂ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਇੱਕ ਔਰਤ ਸਮੇਤ ਛੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਇੱਥੇ ਦਿੱਤੀ। 

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਦੇ ਵਿਸ਼ਾਲ ਸਿੰਘ (23), ਅੰਮ੍ਰਿਤਸਰ ਦੇ ਪਿੰਡ ਜਠੌਲ ਦੇ ਦੀਦਾਰ ਸਿੰਘ ਉਰਫ਼ ਕਾਲੀ (50), ਤਰਨਤਾਰਨ ਦੇ ਪਿੰਡ ਬੁਰਜ ਸਰਾਏ ਅਮਾਨਤ ਖਾਨ ਦੇ ਸੈਵਨਬੀਰ ਸਿੰਘ (25), ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਕਲੋਨੀ ਦੇ ਹਰਜੀਤ ਸਿੰਘ (38) ਉਰਫ਼ ਜੀਤਾ, ਅੰਮ੍ਰਿਤਸਰ ਦੇ ਮੁਹੱਲਾ ਚੇਤੂਆਂ ਦੇ ਜੱਜ ਸਿੰਘ (19) ਅਤੇ ਅੰਮ੍ਰਿਤਸਰ ਦੇ ਕਪਟਗੜ੍ਹ ਦੀ ਜਸਬੀਰ ਕੌਰ (60) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ, ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਕਤ ਮੁਲਜ਼ਮਾਂ ਦੀ ਟੋਇਟਾ ਇਨੋਵਾ ਕਾਰ ਨੂੰ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਉਹ ਨਸ਼ਿਆਂ ਦੀ ਖੇਪ ਪਹੁੰਚਾਉਣ ਲਈ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਪਹਿਲੇ ਮਾਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੂੰ ਮੁਲਜ਼ਮ ਸੈਵਨਬੀਰ  ਚਲਾਇਆ ਜਾ ਰਿਹਾ ਸੀ, ਜੋ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਉਹ ਪਸ਼ੂ ਵਪਾਰ ਦੀ ਆੜ ਵਿੱਚ  ਹੈਰੋਇਨ ਦੀਆਂ ਖੇਪਾਂ ਪ੍ਰਾਪਤ ਰਿਹਾ ਸੀ । 

ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੀ ਇੱਕ ਹੋਰ ਮੁਲਜ਼ਮ ਜਸਬੀਰ ਕੌਰ,  ਕਥਿਤ ਤਸਕਰ ਰਣਜੀਤ ਉਰਫ਼ ਚੀਤਾ ਦੇ ਗਿਰੋਹ ਨਾਲ ਜੁੜੀ ਹੋਈ ਹੈ ਅਤੇ ਭਾਰਤ ਅਤੇ ਸਰਹੱਦ ਪਾਰ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ -ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀਸੀਪੀ ਸਿਟੀ ਜਗਜੀਤ ਸਿੰਘ ਵਾਲੀਆ, ਏਡੀਸੀਪੀ-2 ਹਰਪਾਲ ਸਿੰਘ, ਏਸੀਪੀ ਪੱਛਮੀ ਸ਼ਿਵਦਰਸ਼ਨ ਸਿੰਘ ਦੀ ਨਿਗਰਾਨੀ ਅਤੇ  ਐਸਐਚਓ ਥਾਣਾ, ਛੇਹਰਟਾ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਇੱਕ ਖੁਫੀਆ ਆਪ੍ਰੇਸ਼ਨ ਤਹਿਤ ਨਸ਼ਾ ਤਸਕਰੀ ਦੇ ਇਨ੍ਹਾਂ ਦੋਵੇਂ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।

ਸੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਸੈਵਨਬੀਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਬੱਕਰੀਆਂ ਦੀ ਖ਼ਰੀਦ/ਫ਼ਰੋਖ਼ਤ ਵਾਲੇ ਧੰਦੇ ਦੀ ਆੜ ਵਿੱਚ ਗਿਰੋਹ ਚਲਾ ਰਿਹਾ ਸੀ, ਜਿਸ ਤੋਂ ਉਸਨੇ ਹੋਰ ਜਾਇਦਾਦ ਤੋਂ ਇਲਾਵਾ ਆਪਣੇ ਪਿੰਡ ਵਿੱਚ ਇੱਕ ਵੱਡੀ ਕੋਠੀ ਬਣਾ ਲਈ ਹੈ।

ਮੁਲਜ਼ਮ ਆਪਣੇ ਪਿੰਡ ਦੇ ਨੇੜੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਦਾ ਸੀ , ਜੋ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹੈ। ਉਨ੍ਹਾਂ ਕਿਹਾ ਕਿ ਬਰਾਮਦਗੀ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਨਸ਼ੀਲੇ ਪਦਾਰਥਾਂ ਨੂੰ ਛੁਪਾ ਦਿੰਦਾ ਸੀ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਦੀ ਮਦਦ ਰਾਹੀਂ ਅੱਗੇ ਵੰਡਦਾ ਸੀ।  ਉਨ੍ਹਾਂ ਕਿਹਾ ਕਿ ਦੋਵਾਂ ਮਾਡਿਊਲਾਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧ ਵਿੱਚ, ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 27ਏ ਦੇ ਤਹਿਤ ਐਫਆਈਆਰ ਨੰਬਰ 104 ਮਿਤੀ 02-06-2025 ਅਤੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਤਹਿਤ ਐਫਆਈਆਰ ਨੰਬਰ 106 ਮਿਤੀ 04-06-2025 ਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਦੋ ਵੱਖੋ-ਵੱਖਰੇ ਕੇਸ ਦਰਜ ਕੀਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.