ਤਾਜਾ ਖਬਰਾਂ
ਮਹਿਲ ਕਲਾਂ, 03 ਜੂਨ (ਗੁਰਸੇਵਕ ਸਿੰਘ ਸਹੋਤਾ) : ਮਹਿਲ ਕਲਾਂ ਦੇ ਨੇੜਲੇ ਪਿੰਡ ਹਰਦਾਸਪੁਰਾ ਵਿੱਚ ਪਿਛਲੇ ਦਿਨੀਂ ਹੋਈ ਲੜਾਈ ਤੋਂ ਬਾਅਦ ਹੁਣ ਲੜਾਈ ਵਿੱਚ ਸ਼ਾਮਲ ਇੱਕ ਨੌਜਵਾਨ ਵੱਲੋਂ ਖੁਦਕਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਹਰਦਾਸਪੁਰਾ ਵਿਖੇ ਪਿਛਲੇ ਦਿਨੀਂ ਪੁਲਿਸ ਥਾਣਾ ਮਹਿਲ ਕਲਾਂ ਦੀ ਗੱਡੀ 'ਚੋਂ ਬਾਹਰ ਕੱਢ ਕੇ ਪਿੰਡ ਦੇ ਹੀ ਇੱਕ ਵਸਨੀਕ ਸਤਪਾਲ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੀ ਅਗਵਾਈ ਕਰ ਰਹੇ ਨੌਜਵਾਨ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਸ਼ੇਰਪੁਰ ਦੇ ਪਿੰਡ ਟਿੱਬਾ ਅਤੇ ਠੁੱਲੀਵਾਲ ਦੇ ਵਿਚਕਾਰ ਇੱਕ ਡਰੇਨ 'ਤੇ ਆਪਣੇ ਆਪ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ। ਥਾਣਾ ਸ਼ੇਰਪੁਰ ਦੇ ਐਸਐਚਓ ਗੁਰਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੂਚਨਾ ਦੇ ਅਧਾਰ 'ਤੇ ਟਿੱਬਾ ਤੇ ਠੁੱਲੀਵਾਲ ਦੇ ਵਿਚਕਾਰ ਡਰੇਨ ਦੀ ਪਟੜੀ 'ਤੇ ਇੱਕ ਦਰੱਖਤ ਤੋਂ ਬਹਾਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਲਟਕਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਿਜਾਇਆ ਗਿਆ ਹੈ। ਐਸਐਚਓ ਸ਼ੇਰਪੁਰ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਆਧਾਰ 'ਤੇ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
ਜਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਰਦਾਸਪੁਰਾ ਵਿਖੇ ਪਿੰਡ ਦੇ 20-25 ਲੋਕਾਂ ਨੇ ਪਿੰਡ ਦੇ ਇੱਕ ਨੌਜਵਾਨ ਸਤਪਾਲ ਸਿੰਘ ਨੂੰ ਪੁਲਿਸ ਦੀ ਗੱਡੀ ਵਿੱਚ ਬੈਠੇ ਹੋਏ ਨੂੰ ਬਾਹਰ ਕੱਢ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜੋ ਇਸ ਸਮੇਂ ਬਠਿੰਡਾ ਏਮਜ਼ ਵਿਖੇ ਜੇਰੇ ਇਲਾਜ ਲਈ ਦਾਖਲ ਹੈ। ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਵਿਖੇ ਫਾਹਾ ਲੈਣ ਵਾਲੇ ਬਹਾਦਰ ਸਿੰਘ ਸਮੇਤ 18-20 ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਬਹਾਦਰ ਸਿੰਘ ਅਤੇ ਹੋਰ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ। ਬਹਾਦਰ ਸਿੰਘ ਉਸੇ ਦਿਨ ਤੋਂ ਹੀ ਫਰਾਰ ਚਲਿਆ ਆ ਰਿਹਾ ਸੀ, ਜਿਸ ਨੇ ਅੱਜ ਥਾਣਾ ਸ਼ੇਰਪੁਰ ਏਰੀਏ ਵਿੱਚ ਦਰੱਖ਼ਤ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਬਹਾਦਰ ਸਿੰਘ ਅਤੇ ਹੋਰ ਵਿਅਕਤੀਆਂ ਵੱਲੋਂ ਸਤਪਾਲ ਸਿੰਘ ਦੀ ਕੁੱਟਮਾਰ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਪਹਿਲਾਂ ਸਤਪਾਲ ਸਿੰਘ ਨੇ ਬਹਾਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੂੰ ਕਿਰਪਾਨ ਮਾਰ ਕੇ ਜ਼ਖਮੀ ਕਰ ਦਿੱਤਾ ਸੀ।
Get all latest content delivered to your email a few times a month.