ਤਾਜਾ ਖਬਰਾਂ
ਪਟਿਆਲਾ, 3 ਜੂਨ- ਪਟਿਆਲਾ ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ਤੋਂ ਇੱਕ ਚੌਕਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਪੈਸ਼ਲ ਆਪਰੇਸ਼ਨ ਗਰੁੱਪ (SOG) ਵਿੱਚ ਡੈਪੂਟੇਸ਼ਨ 'ਤੇ ਤਾਇਨਾਤ 41 ਸਾਲਾ ਸਹਾਇਕ ਸਬ-ਇੰਸਪੈਕਟਰ (ASI) ਮਨਪ੍ਰੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਨਪ੍ਰੀਤ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਵਿੱਚ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ, ਜੋ ਦੋ ਧੀਆਂ ਦਾ ਪਿਤਾ ਸੀ, ਨੇ ਛੁੱਟੀ ਲੈ ਕੇ ਘਰ ਜਾਣ ਦੀ ਇੱਛਾ ਜਤਾਈ ਸੀ ਪਰ ਜਦੋਂ ਉਹ ਆਪਣੇ ਕੁਆਰਟਰ ਵਿੱਚ ਵਾਪਸ ਪਹੁੰਚਿਆ ਤਾਂ ਉਸਦੀ ਸਰਕਾਰੀ ਰਿਵਾਲਵਰ ਤੋਂ ਚੱਲੀ ਗੋਲੀ ਨਾਲ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਡਿਊਟੀ 'ਤੇ ਸੀ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਮਾਮਲਾ ਖੁਦਕੁਸ਼ੀ ਦਾ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਗੋਲੀ ਚੱਲੀ। ਮੌਕੇ 'ਤੇ ਪੁਲਿਸ ਅਤੇ ਫੋਰੈਂਸਿਕ ਟੀਮਾਂ ਪਹੁੰਚ ਗਈਆਂ ਹਨ ਜੋ ਵਧੇਰੇ ਜਾਂਚ ਕਰ ਰਹੀਆਂ ਹਨ। ਉੱਚ ਅਧਿਕਾਰੀਆਂ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਦੇ ਹੁਕਮ ਦਿੱਤੇ ਗਏ ਹਨ। ਘਟਨਾ ਸਥਾਨ ਦੀ ਸੀਸੀਟੀਵੀ ਫੁਟੇਜ, ਡਿਊਟੀ ਰਜਿਸਟਰ ਅਤੇ ਮਨਪ੍ਰੀਤ ਦੇ ਸਹਿ-ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ।
Get all latest content delivered to your email a few times a month.