ਤਾਜਾ ਖਬਰਾਂ
ਅਹਿਮਦਾਬਾਦ, 2 ਜੂਨ: ਆਈਪੀਐਲ 2025 ਦੇ ਕੁਆਲੀਫਾਇਰ-2 ਮੈਚ ਵਿਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਕਪਤਾਨ ਸ਼੍ਰੇਅਸ ਛੱਕਾ ਮਾਰ ਕੇ ਟੀਮ ਨੂੰ ਜਿੱਤ ਵੱਲ ਲੈ ਗਏ | ਉਨ੍ਹਾਂ ਨੇ 41 ਗੇਂਦਾਂ 'ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਵਿਚ 5 ਚੌਕੇ ਅਤੇ 8 ਛੱਕੇ ਸ਼ਾਮਿਲ ਸਨ |
ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 6 ਵਿਕਟਾਂ 'ਤੇ 203 ਦੌੜਾਂ ਬਣਾਈਆਂ। ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੇ 44-44 ਦੌੜਾਂ ਜੋੜੀਆਂ, ਜਦਕਿ ਜੌਨੀ ਬੇਅਰਸਟੋ ਨੇ ਵੀ 38 ਰਨ ਬਣਾਏ। ਪੰਜਾਬ ਵਲੋਂ ਅਜ਼ਮਤੁੱਲਾ ਉਮਰਜ਼ਈ ਅਤੇ ਅਸ਼ਵਨੀ ਕੁਮਾਰ ਨੇ 2-2 ਵਿਕਟਾਂ ਲਈਆਂ।
ਜਵਾਬੀ ਇਨਿੰਗਜ਼ ਦੌਰਾਨ, ਪੰਜਾਬ ਨੇ 19 ਓਵਰਾਂ ਵਿਚ 207 ਦੌੜਾਂ ਬਣਾਕੇ ਮੈਚ ਜਿੱਤ ਲਿਆ। ਸ਼੍ਰੇਅਸ ਦੇ ਇਲਾਵਾ, ਨੇਹਲ ਵਢੇਰਾ ਨੇ 48 ਅਤੇ ਜੋਸ਼ ਇੰਗਲਿਸ ਨੇ 38 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਮੈਚ ਮੀਂਹ ਕਾਰਨ 2 ਘੰਟੇ 15 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਟਾਸ ਹੋ ਚੁੱਕੀ ਸੀ ਪਰ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੀਂਹ ਆ ਗਿਆ। ਹਾਲਾਂਕਿ ਮੈਚ ਦੇ ਓਵਰਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ।
ਇਸ ਜਿੱਤ ਨਾਲ ਪੰਜਾਬ ਕਿੰਗਜ਼ ਨੇ 2014 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿੱਚ ਦਾਖਲ ਕੀਤਾ ਹੈ। ਹੁਣ ਉਹ 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨਾਲ ਮੁਕਾਬਲਾ ਕਰਨਗੇ।
ਗੌਰਤਲੱਬ ਹੈ ਕਿ ਮੁੰਬਈ ਇੰਡੀਅਨਜ਼ ਨੇ ਐਲੀਮੀਨੇਟਰ ਵਿਚ ਗੁਜਰਾਤ ਨੂੰ ਹਰਾ ਕੇ ਇੱਥੇ ਤਕ ਦਾ ਸਫ਼ਰ ਤੈਅ ਕੀਤਾ ਸੀ, ਪਰ ਕਪਤਾਨ ਹਾਰਦਿਕ ਪੰਡਯਾ ਦੀ ਟੀਮ ਕੁਆਲੀਫਾਇਰ-2 ਤੋਂ ਆਗੇ ਨਹੀਂ ਵਧ ਸਕੀ।
ਹੁਣ ਕਿਉਂਕਿ ਫਾਈਨਲ ਵਿਚ ਪੰਜਾਬ ਅਤੇ ਬੈਂਗਲੁਰੂ ਜਿਹਨਾਂ ਨੇ ਅਜੇ ਤੱਕ ਕਦੇ ਵੀ ਆਈਪੀਐਲ ਖਿਤਾਬ ਨਹੀਂ ਜਿੱਤਿਆ, ਇਹ ਪੱਕਾ ਹੋ ਗਿਆ ਹੈ ਕਿ ਆਈਪੀਐਲ 2025 ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ।
Get all latest content delivered to your email a few times a month.