ਤਾਜਾ ਖਬਰਾਂ
ਖੰਨਾ, 28 ਮਈ: ਖੰਨਾ ਦੇ ਗਲਵੱਡੀ ਇਲਾਕੇ ਦੀ ਆਹਲੂਵਾਲੀਆ ਕਲੋਨੀ ਤੋਂ ਤਿੰਨ ਨਾਬਾਲਗ ਕੁੜੀਆਂ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਜਾਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਹ ਕੁੜੀਆਂ 25 ਮਈ ਦੀ ਦੁਪਹਿਰ ਨੂੰ ਆਪਣੇ ਘਰਾਂ ਤੋਂ ਅਚਾਨਕ ਗਾਇਬ ਹੋ ਗਈਆਂ ਸਨ। ਉਨ੍ਹਾਂ ਦੀ ਉਮਰ ਕਰਮਵਾਰ 8, 11 ਅਤੇ 13 ਸਾਲ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਟਨਾ ਵੇਲੇ ਕੰਮ ਉੱਤੇ ਸਨ ਅਤੇ ਸ਼ਾਮ ਨੂੰ ਘਰ ਆਉਣ 'ਤੇ ਇਹਨਾਂ ਤਿੰਨੋਂ ਕੁੜੀਆਂ ਨੂੰ ਗਾਇਬ ਪਾਇਆ। ਘਰਵਾਲਿਆਂ ਨੇ ਖੁਦ ਖੋਜ ਕੀਤੀ ਪਰ ਜਦੋਂ ਕੋਈ ਸੁਰਾਗ ਨਾ ਲੱਭ ਸਕਿਆ, ਤਾਂ ਉਨ੍ਹਾਂ ਨੇ ਸਿਟੀ ਪੁਲਿਸ ਸਟੇਸ਼ਨ-2 'ਚ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ, ਪੁਲਿਸ ਨੇ ਕਾਰਵਾਈ ਕਰਦਿਆਂ ਲਾਪਤਾ ਹੋਈਆਂ ਕੁੜੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।
ਐਸ.ਐਸ.ਪੀ. ਡਾ. ਜੋਤੀ ਯਾਦਵ ਬੈਂਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਵਿਸ਼ੇਸ਼ ਟੀਮਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਸੀ.ਆਈ.ਏ. ਸਟਾਫ, ਤਕਨੀਕੀ ਸੈੱਲ ਅਤੇ ਵਿਸ਼ੇਸ਼ ਸ਼ਾਖਾ ਦੀਆਂ ਟੀਮਾਂ ਸ਼ਾਮਲ ਹਨ। ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਵਿਰੁੱਧ ਕੁੜੀਆਂ ਨੂੰ ਵਰਗਲਾਉਣ ਅਤੇ ਲਿਜਾਣ ਦੇ ਦੋਸ਼ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਦੀ ਵੀ ਫੁਟੇਜ ਜਾਂਚੀ ਜਾ ਰਹੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਤਿੰਨੋਂ ਕੁੜੀਆਂ ਕੋਲ ਮੋਬਾਈਲ ਫੋਨ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰਨੀ ਮੁਸ਼ਕਲ ਹੋ ਰਹੀ ਹੈ। ਪਰਿਵਾਰ ਇਕ ਦੂਜੇ ਰਾਜ ਤੋਂ ਆ ਕੇ ਇੱਥੇ ਮਜ਼ਦੂਰੀ ਕਰਦਾ ਹੈ। ਪੁਲਿਸ ਵੱਲੋਂ ਹਰ ਸ਼ੱਕੀ ਹਾਲਤ ਤੇ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਕੁੜੀਆਂ ਨੂੰ ਜਲਦ ਸੁਰੱਖਿਅਤ ਬਰਾਮਦ ਕੀਤਾ ਜਾ ਸਕੇ।
Get all latest content delivered to your email a few times a month.