ਤਾਜਾ ਖਬਰਾਂ
ਚੰਡੀਗੜ੍ਹ, 24 ਮਈ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਅਤੇ ਉਨ੍ਹਾਂ ਨੂੰ ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਈਕੋਸਿਸਟਮ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਅਕਾਦਮਿਕ ਸੈਸ਼ਨ 2025-26 ਲਈ ਸਕੂਲਜ਼ ਆਫ਼ ਐਮੀਨੈਂਸ ਵਿੱਚ 9ਵੀਂ ਜਮਾਤ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਵਾਸਤੇ ਆਪਣੀ ਕਿਸਮ ਦਾ ਪਹਿਲਾ ਤਿੰਨ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 26 ਤੋਂ 28 ਮਈ, 2025 ਤੱਕ ਉਲੀਕਿਆ ਗਿਆ ਇਹ ਓਰੀਐਂਟੇਸ਼ਨ ਪ੍ਰੋਗਰਾਮ ਵਿਦਿਆਰਥੀਆਂ ਨੂੰ ਐਸ.ਓ.ਈ. ਈਕੋਸਿਸਟਮ ਨਾਲ ਏਕੀਕ੍ਰਿਤ ਹੋਣ ਵਿੱਚ ਮਦਦ ਕਰੇਗਾ ਅਤੇ ਅਗਲੇ ਦੋ ਸਾਲਾਂ ਵਿੱਚ ਉਨ੍ਹਾਂ ਦੇ ਵਿਅਕਤੀਗਤ ਵਿਕਾਸ ਲਈ ਇੱਕ ਮਜ਼ਬੂਤ ਆਧਾਰ ਤਿਆਰ ਕਰੇਗਾ। ਇਸ ਦੇ ਨਾਲ ਹੀ ਇਹ ਪ੍ਰੋਗਰਾਮ ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਕਰੀਅਰ ਬਾਰੇ ਵਿਹਾਰਕ ਸੂਝ ਪ੍ਰਦਾਨ ਕਰੇਗਾ।
ਇਸ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਕੂਲਜ਼ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਲਈ ਕੈਬਨਿਟ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ, ਨੌਕਰਸ਼ਾਹਾਂ, ਜੱਜਾਂ, ਸੀਨੀਅਰ ਵਕੀਲਾਂ, ਡਾਕਟਰਾਂ, ਵਾਈਸ ਚਾਂਸਲਰਾਂ, ਕਾਲਜ ਪ੍ਰਿੰਸੀਪਲਾਂ, ਪ੍ਰੋਫੈਸਰਾਂ ਅਤੇ ਉਦਯੋਗ ਮੁਖੀਆਂ ਸਮੇਤ ਸੂਝਵਾਨ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਸੈਸ਼ਨ ਕਰਵਾਏ ਜਾਣਗੇ , ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਤਜ਼ਰਬਿਆਂ ਤੋਂ ਸਿੱਖਣ ਅਤੇ ਵਿਹਾਰਕ ਗਿਆਨ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਮਿਲੇਗਾ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਅਧੀਨ ਹੋਣਹਾਰ ਸਾਬਕਾ ਵਿਦਿਆਰਥੀਆਂ ਨੂੰ ਸਕੂਲਜ਼ ਆਫ ਐਮੀਨੈਂਸ ਵਿੱਚ ਬੁਲਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਉਨ੍ਹਾਂ ਦੀ ਸਫ਼ਲਤਾ ਤੋਂ ਪ੍ਰੇਰਨਾ ਲੈ ਸਕਣ। ਇਸ ਨਾਲ ਉਨ੍ਹਾਂ ਨੂੰ ਭਵਿੱਖੀ ਰਣਨੀਤੀ ਤਿਆਰ ਕਰਨ, ਸਮਾਂ ਪ੍ਰਬੰਧਨ ਅਤੇ ਟੀਚਾ ਨਿਰਧਾਰਨ ਬਾਰੇ ਕੀਮਤੀ ਮਾਰਗਦਰਸ਼ਨ ਮਿਲੇਗਾ। ਇਸ ਤੋਂ ਇਲਾਵਾ ਵਿਦਿਆਰਥੀ ਰੀਡਿੰਗ ਸੈਸ਼ਨਾਂ, ਵਿਚਾਰ-ਵਟਾਂਦਰੇ ਅਤੇ ਅੰਗਰੇਜ਼ੀ ਅਖ਼ਬਾਰ ਪੜ੍ਹਨਾ ਅਤੇ “ਅੱਜ ਦੀ ਮੁੱਖ ਸੁਰਖੀ” ਵਰਗੀਆਂ ਰੌਚਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਨਾਲ ਉਹਨਾਂ ਦੀ ਪੜ੍ਹਨ ਵਿੱਚ ਰੁਚੀ ਅਤੇ ਬੌਧਿਕ ਉਤਸੁਕਤਾ ਨੂੰ ਹੋਰ ਵਧਾਇਆ ਜਾ ਸਕੇਗਾ।
ਵਿਦਿਆਰਥੀਆਂ ਦੇ ਕਮਿਊਨੀਕੇਸ਼ਨ ਹੁਨਰ ਨੂੰ ਹੋਰ ਨਿਖਾਰਨ ਲਈ ਇਸ ਪ੍ਰੋਗਰਾਮ ਵਿੱਚ "ਡ੍ਰੀਮ ਕਰੀਅਰ," "ਕਰੰਟ ਅਫੇਅਰਜ਼" ਅਤੇ "ਮਾਈ ਵਿਜ਼ਨ ਫ਼ਾਰ ਪੰਜਾਬ" ਵਰਗੇ ਵਿਸ਼ਿਆਂ 'ਤੇ ਭਾਸ਼ਣ ਅਤੇ ਵਿਚਾਰ-ਵਟਾਂਦਰਾ ਮੁਕਾਬਲੇ ਸ਼ਾਮਲ ਹੋਣਗੇ, ਜਿਹਨਾਂ ਦਾ ਉਦੇਸ਼ ਵਿਦਿਆਰਥੀਆਂ ਦੇ ਬੋਲਣ ਅਤੇ ਸਵੈ-ਪ੍ਰਗਟਾਵੇ ਦੇ ਹੁਨਰ ਨੂੰ ਵਧਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੋਜ਼ਾਨਾ ਸਕੂਲਾਂ ਵਿੱਚ ਸਵੇਰ ਦੀ ਸਭਾ ਵਿੱਚ ਅਹਿਮ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜੋ ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਵਰਗੇ ਵਿਸ਼ਿਆਂ 'ਤੇ ਕੇਂਦ੍ਰਿਤ ਹੋਣਗੀਆਂ, ਜਿਸ ਵਿੱਚ ਪ੍ਰੇਰਣਾਦਾਇਕ ਹਵਾਲੇ ਅਤੇ ਵਿਚਾਰ-ਵਟਾਂਦਰਾ ਸਬੰਧੀ ਸੰਵਾਦ ਸ਼ਾਮਲ ਹੋਵੇਗਾ।
ਇਸ ਪਹਿਲਕਦਮੀ ਦੇ ਹਿੱਸੇ ਵਜੋਂ ਵਿਦਿਆਰਥੀ 'ਮੇਕ ਯੂਅਰ ਸਮਰ ਕਾਊਂਟ' ਸੈਸ਼ਨ ਵਿੱਚ ਹਿੱਸਾ ਲੈਣਗੇ, ਜਿਸ ਤਹਿਤ ਉਹ ਗਰਮੀਆਂ ਦੀਆਂ ਛੁੱਟੀਆਂ ਦੇ ਟੀਚੇ ਨਿਰਧਾਰਤ ਕਰਨਗੇ, ਅਧਿਐਨ ਦੇ ਘੰਟਿਆਂ ਨੂੰ ਟਰੈਕ ਕਰਨਗੇ ਅਤੇ ਸਮਰ ਐਕਟੀਵਿਟੀ ਚੈਲੇਂਜ ਚਾਰਟ ਦੀ ਪੜਚੋਲ ਕਰਨਗੇ। ਅਧਿਆਪਕਾਂ ਦੇ ਮਾਰਗਦਰਸ਼ਨ ਨਾਲ ਵਿਦਿਆਰਥੀ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਸਬੰਧੀ ਯੋਜਨਾਵਾਂ ਤਿਆਰ ਕਰਨਗੇ, ਜਿਸ ਨਾਲ ਉਹਨਾਂ ਵਿੱਚ ਟੀਚਾ ਅਤੇ ਦਿਸ਼ਾ ਤੈਅ ਕਰਨ ਦੀ ਭਾਵਨਾ ਪੈਦਾ ਹੋਵੇਗੀ।
ਬੈਂਸ ਨੇ ਕਿਹਾ ਕਿ ਇਹ ਪ੍ਰੋਗਰਾਮ ਸਕੂਲ ਆਫ਼ ਐਮੀਨੈਂਸ ਦੀ ਸੰਪੂਰਨ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸਦਾ ਉਦੇਸ਼ ਅਕਾਦਮਿਕ ਉੱਤਮਤਾ ਅਤੇ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਉਹਨਾਂ ਕਿਹਾ ਕਿ ਸਬੰਧਤ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਇਸ ਪ੍ਰੋਗਰਾਮ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ ਅਤੇ ਉਨ੍ਹਾਂ ਨੂੰ ਇੱਕ ਗੂਗਲ ਫਾਰਮ ਲਿੰਕ ਆਨਲਾਈਨ ਭੇਜਿਆ ਗਿਆ ਹੈ। ਉਹ ਸਕੂਲ ਸਿੱਖਿਆ ਵਿਭਾਗ ਨੂੰ ਇਸ ਪ੍ਰੋਗਰਾਮ ਬਾਰੇ ਅਪਡੇਟਸ, ਫੋਟੋਆਂ ਅਤੇ ਕਰਵਾਏ ਜਾਣ ਵਾਲੇ ਸੈਸ਼ਨਾਂ ਦੇ ਵੇਰਵੇ ਸਾਂਝੇ ਕਰਨਗੇ ਤਾਂ ਜੋ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ਦੀ ਓਵਰਆਲ ਨਿਗਰਾਨੀ ਕਰ ਸਕਣ।
Get all latest content delivered to your email a few times a month.