ਤਾਜਾ ਖਬਰਾਂ
ਅਹਿਮਦਾਬਾਦ, 24 ਮਈ 2025: ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਕੱਛ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਮਲਟੀਪਰਪਜ਼ ਹੈਲਥ ਵਰਕਰ ਸਹਿਦੇਵ ਸਿੰਘ ਗੋਹਿਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਉੱਤੇ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਸਰਹੱਦੀ ਸੁਰੱਖਿਆ ਬਲ (BSF) ਅਤੇ ਭਾਰਤੀ ਹਵਾਈ ਸੈਨਾ (IAF) ਨਾਲ ਜੁੜੀ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਇੱਕ ਪਾਕਿਸਤਾਨੀ ਏਜੰਟ ਨੂੰ ਸਾਂਝੀ ਕੀਤੀ। ਏਟੀਐਸ ਦੇ ਐਸਪੀ ਕੇ. ਸਿਧਾਰਥ ਅਨੁਸਾਰ, ਗੋਹਿਲ ਨੂੰ 1 ਮਈ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜਿੱਥੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਉਹ 2023 ਵਿੱਚ ਵਟਸਐਪ 'ਤੇ "ਅਦਿਤੀ ਭਾਰਦਵਾਜ" ਨਾਮ ਦੀ ਔਰਤ ਦੇ ਸੰਪਰਕ ਵਿੱਚ ਆਇਆ ਸੀ, ਜੋ ਅਸਲ ਵਿੱਚ ਇੱਕ ਪਾਕਿਸਤਾਨੀ ਏਜੰਟ ਨਿਕਲੀ। ਇਸ ਸੰਪਰਕ ਤੋਂ ਬਾਅਦ, ਗੋਹਿਲ ਨੇ BSF ਅਤੇ IAF ਦੀਆਂ ਨਿਰਮਾਣ ਅਧੀਨ ਜਾਂ ਨਵੀਂ ਬਣੀਆਂ ਇਮਾਰਤਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਉਸ ਏਜੰਟ ਨੂੰ ਭੇਜਣੇ ਸ਼ੁਰੂ ਕਰ ਦਿੱਤੇ। 2025 ਦੀ ਸ਼ੁਰੂਆਤ ਵਿੱਚ, ਉਸਨੇ ਆਪਣੇ ਆਧਾਰ ਕਾਰਡ 'ਤੇ ਨਵਾਂ ਸਿਮ ਲੈ ਕੇ "ਅਦਿਤੀ ਭਾਰਦਵਾਜ" ਲਈ ਵਟਸਐਪ ਐਕਟੀਵੇਟ ਕੀਤਾ, ਜਿਸ ਰਾਹੀਂ ਉਹ ਜਾਣਕਾਰੀ ਪਾਕਿਸਤਾਨ ਭੇਜਦਾ ਰਿਹਾ ਅਤੇ ਇਸ ਕੰਮ ਦੀ ਔਰਤ ਦੇ ਸੰਪਰਕ 'ਚ ਰਹਿੰਦੇ ਹੋਏ ਗੋਹਿਲ ਨੂੰ ਇੱਕ ਅਣਪਛਾਤੇ ਵਿਅਕਤੀ ਵਲੋਂ 40,000 ਰੁਪਏ ਨਕਦ ਭੀ ਮਿਲੇ। ਗੋਹਿਲ ਦਾ ਮੋਬਾਈਲ ਫੋਨ ਹੁਣ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਅਤੇ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ "ਅਦਿਤੀ ਭਾਰਦਵਾਜ" ਦੇ ਨਾਮ ਹੇਠ ਵਰਤੇ ਜਾ ਰਹੇ ਵਟਸਐਪ ਨੰਬਰ ਦੀ ਸਥਿਤੀ ਪਾਕਿਸਤਾਨ 'ਚ ਪਾਈ ਗਈ। ਇਸ ਮਾਮਲੇ ਵਿੱਚ ਗੋਹਿਲ ਅਤੇ ਉਸ ਪਾਕਿਸਤਾਨੀ ਏਜੰਟ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 61 ਅਤੇ 148 ਹੇਠ ਕੇਸ ਦਰਜ ਕੀਤਾ ਗਿਆ ਹੈ।
Get all latest content delivered to your email a few times a month.