ਤਾਜਾ ਖਬਰਾਂ
ਬਠਿੰਡਾ, 23 ਮਈ 2025 – ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਸਕੀਮ ਤਹਿਤ ਏਮਜ਼ ਬਠਿੰਡਾ ਨੂੰ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਿਸ਼ੇਸ਼ ਯੋਗਦਾਨ ਦਿੰਦੇ ਹੋਏ 28.6 ਲੱਖ ਰੁਪਏ ਦੀ ਲਾਗਤ ਵਾਲੇ ਦੋ ਆਧੁਨਿਕ ਆਈਸੀਯੂ ਵੈਂਟੀਲੇਟਰ ਉਪਲਬਧ ਕਰਵਾਏ ਹਨ।
ਇਹ ਉਪਕਰਣ ਐਮਰਜੈਂਸੀ ਸੇਵਾਵਾਂ ਵਿੱਚ ਬੇਹਤਰੀ ਲਿਆਉਣਗੇ ਅਤੇ ਇਲਾਕੇ ਦੇ ਮਰੀਜ਼ਾਂ ਲਈ ਜੀਵਨ ਰੱਖਿਆ ਸਹੂਲਤਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੇ। ਉਕਤ ਸਮਾਗਮ ਦੌਰਾਨ HPCL ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਰਵੀ ਕੁਮਾਰ ਰਾਪੇਟੀ, ਮੁੱਖ ਪ੍ਰਬੰਧਕ ਸ਼੍ਰੀ ਚੰਦਰ ਸ਼ੇਖਰ, ਸਹਾਇਕ ਪ੍ਰਬੰਧਕ ਮੁਹੰਮਦ ਅਜ਼ਹਰੂਦੀਨ, ਸਹਾਇਕ ਮੈਨੇਜਰ ਰਾਮ ਕੱਕੜ, ਅਤੇ ਏਮਜ਼ ਬਠਿੰਡਾ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਕੁਮਾਰ ਅਤੇ ਡਾ. ਐਮ.ਐਸ. ਮਿਰਜ਼ਾ ਹਾਜ਼ਰ ਰਹੇ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਮੌਕੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ HPCL ਵੱਲੋਂ ਕੀਤਾ ਗਿਆ ਇਹ ਯੋਗਦਾਨ ਬਠਿੰਡਾ ਏਮਜ਼ ਦੀ ਐਮਰਜੈਂਸੀ ਸੇਵਾਵਾਂ ਦੀ ਸੰਭਾਲ ਸਮਰੱਥਾ ਵਿੱਚ ਵਾਧਾ ਕਰੇਗਾ, ਜਿਸ ਨਾਲ ਨਾ ਸਿਰਫ਼ ਬਠਿੰਡਾ, ਸਗੋਂ ਆਸ-ਪਾਸ ਦੇ ਮਾਨਸਾ, ਬਰਨਾਲਾ, ਸੰਗਰੂਰ ਅਤੇ ਹੋਰ ਇਲਾਕਿਆਂ ਦੇ ਨਿਵਾਸੀਆਂ ਨੂੰ ਵੀ ਲਾਭ ਹੋਵੇਗਾ।
HPCL ਦੇ ਡਿਪਟੀ ਜਨਰਲ ਮੈਨੇਜਰ ਰਵੀ ਕੁਮਾਰ ਰਾਪੇਟੀ ਨੇ ਦੱਸਿਆ ਕਿ ਇਹ ਵੈਂਟੀਲੇਟਰ ਬਠਿੰਡਾ-ਸੰਗਰੂਰ ਪਾਈਪਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਦਿੱਤੇ ਗਏ ਹਨ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ 88 ਕਿਲੋਮੀਟਰ ਲੰਬੀ ਇਹ ਪਾਈਪਲਾਈਨ, ਜੋ ਕਿ ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਰਾਹੀਂ ਲੰਘਦੀ ਹੈ, ਨਾਂ ਕੇਵਲ ਪੈਟਰੋਲੀਅਮ ਉਤਪਾਦਾਂ ਦੀ ਆਵਾਜਾਈ ਨੂੰ ਤੇਜ਼ ਅਤੇ ਸੁਗਮ ਬਣਾਵੇਗੀ, ਸਗੋਂ ਟ੍ਰੈਫਿਕ ਭੀੜ ਨੂੰ ਵੀ ਘਟਾਏਗੀ ਅਤੇ ਇਹ ਇੱਕ ਵਾਤਾਵਰਣ ਅਨੁਕੂਲ ਹੱਲ ਸਾਬਤ ਹੋਵੇਗੀ।
Get all latest content delivered to your email a few times a month.