ਤਾਜਾ ਖਬਰਾਂ
ਬਠਿੰਡਾ, 22 ਮਈ - ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਵਿਜੀਲੈਂਸ ਟੀਮ ਨੇ ਐਸਟੀਐਫ ਦੇ ਸਹਾਇਕ ਥਾਣੇਦਾਰ (ਏਐਸਆਈ) ਮੀਜਰ ਸਿੰਘ ਅਤੇ ਉਸ ਦੇ ਨਿਜੀ ਸਾਥੀ, ਜੋ ਕਿ ਇੱਕ ਪ੍ਰਾਈਵੇਟ ਦਲਾਲ ਵਜੋਂ ਕੰਮ ਕਰ ਰਿਹਾ ਸੀ, ਨੂੰ 1 ਲੱਖ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।
ਇਹ ਕਾਰਵਾਈ ਬਠਿੰਡਾ ਵਿਜੀਲੈਂਸ ਵਿਭਾਗ ਵੱਲੋਂ ਤਲਵੰਡੀ ਸਾਬੋ ਨਜ਼ਦੀਕ ਨੱਤ ਰੋੜ 'ਤੇ ਦੇਰ ਰਾਤ ਕੀਤੀ ਗਈ। ਦੋਸ਼ ਲਗਾਇਆ ਗਿਆ ਹੈ ਕਿ ਏਐਸਆਈ ਮੀਜਰ ਸਿੰਘ ਅਤੇ ਉਸ ਦੇ ਦਲਾਲ ਸਾਥੀ ਨੇ ਚਿੱਟੇ (ਮਾਦਕ ਪਦਾਰਥ) ਦੇ ਮਾਮਲੇ ਵਿੱਚ ਫੜੇ ਗਏ ਇੱਕ ਵਿਅਕਤੀ ਦੀ ਜਾਮਾ ਤਲਾਸ਼ੀ ਦੌਰਾਨ ਬਰਾਮਦ ਹੋਏ ਨਕਦੀ ਰਕਮ ਅਤੇ ਸੋਨੇ ਦੀ ਵਾਪਸੀ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ ਨੂੰ ਇਸ ਗੰਭੀਰ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਸੋਚ-ਵਿਚਾਰ ਅਤੇ ਯੋਜਨਾ ਨਾਲ ਕਾਰਵਾਈ ਕਰਦਿਆਂ ਦੋਨੋ ਮੁਲਜ਼ਮਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ।
ਕਾਰਵਾਈ ਦੌਰਾਨ, ਮੌਕੇ 'ਤੇ ਹੀ 1,05,000 ਰੁਪਏ ਦੀ ਰਕਮ ਰਿਕਵਰ ਕੀਤੀ ਗਈ ਹੈ। ਦੋਵਾਂ ਵਿਅਕਤੀਆਂ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਸੰਬੰਧਿਤ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਸਰਕਾਰੀ ਅਹੁਦੇ ਤੇ ਬੈਠੇ ਹੋਏ ਜਿੰਨੇ ਵੀ ਅਧਿਕਾਰੀ ਜਾਂ ਕਰਮਚਾਰੀ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਜਾਂ ਆਪਣੇ ਅਹੁਦੇ ਦੀ ਆੜ ਵਿੱਚ ਨਾਜਾਇਜ਼ ਲਾਭ ਲੈ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਜਾਵੇਗਾ। ਇਸ ਮਾਮਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਜੀਲੈਂਸ ਵਿਭਾਗ ਹਰ ਪੱਧਰ 'ਤੇ ਕਾਨੂੰਨ ਦੀ ਰਖਵਾਲੀ ਲਈ ਕਮਰਕੱਸ ਹੋਇਆ ਹੋਇਆ ਹੈ।
Get all latest content delivered to your email a few times a month.