ਤਾਜਾ ਖਬਰਾਂ
ਮਾਲੇਰਕੋਟਲਾ 21 ਮਈ ( ਭੁਪਿੰਦਰ ਗਿੱਲ) -ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਲਾਈਬ੍ਰੇਰੀ ਐਂਡ ਪੇਪਰ ਲੈਡ ਕਮੇਟੀ ਲਈ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮਲਰਕੋਟਲਾ ਤੋਂ ਵਿਧਾਇਕ ਮਾਨਯੋਗ ਜਮੀਲ ਉਰ ਰਹਿਮਾਨ ਨੂੰ ਇਸ ਮਹੱਤਵਪੂਰਨ ਜਿੰਮੇਵਾਰੀ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਦੇ ਨਾਲ ਹੀ ਸੂਬੇ ਦੀ ਲਾਈਬ੍ਰੇਰੀ ਪ੍ਰਣਾਲੀ ਅਤੇ ਪੇਪਰ ਲੈਡ ਪ੍ਰਕਿਰਿਆ ਵਿੱਚ ਨਵੀਨਤਾ ਅਤੇ ਪਾਰਦਰਸ਼ਤਾ ਦੀ ਉਮੀਦ ਜਤਾਈ ਜਾ ਰਹੀ ਹੈ। ਵਿਧਾਇਕ ਜਮੀਲ ਉਰ ਰਹਿਮਾਨ ਨੇ ਆਪਣੀ ਨਿਯੁਕਤੀ ਉਪਰ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਸਿਰਫ਼ ਇਕ ਇੱਜ਼ਤ ਨਹੀਂ, ਸਗੋਂ ਇਕ ਵੱਡੀ ਜਿੰਮੇਵਾਰੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਸਰਕਾਰੀ ਲਾਇਬ੍ਰੇਰੀਆਂ ਨੂੰ ਆਧੁਨਿਕ ਬਣਾਉਣ, ਪਾਠਕਾਂ ਦੀ ਪਹੁੰਚ ਵਧਾਉਣ ਅਤੇ ਪੇਪਰ ਲੈਂਡ ਦੀ ਕਾਰਵਾਈ ਨੂੰ ਲਾਗੂ ਕਰਨ ਵਿੱਚ ਪੂਰੀ ਨਿਸ਼ਠਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਅਗੇ ਕਿਹਾ ਕਿ ਨੌਜਵਾਨੀ ਨੂੰ ਪੜ੍ਹਾਈ ਵਲ ਮੋੜਨ ਲਈ ਲਾਇਬ੍ਰੇਰੀਆਂ ਦੀ ਸਾਂਝ ਬਣਾਉਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਮੰਨਿਆ ਕਿ ਪੰਜਾਬ ਸਰਕਾਰ ਦੇ ਵਿਜਨ ਅਨੁਸਾਰ ਸਰਕਾਰੀ ਦਸਤਾਵੇਜ਼ਾਂ ਦੀ ਡਿਜੀਟਲ ਐਕਸੈੱਸ ਅਤੇ ਪਬਲਿਕ ਰਿਕਾਰਡਾਂ ਦੀ ਰਖਿਆ ਲਈ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਲਿਜਾਇਆ ਜਾਵੇਗਾ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਮੇਟੀ ਵਿੱਚ ਪਾਰਦਰਸ਼ਤਾ, ਸਰਲਤਾ ਅਤੇ ਸਮਰਥਨਾਤਮਕ ਵਿਵਸਥਾ ਲਿਆਂਦੀ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਵਧੇਰੇ ਲਾਭ ਮਿਲ ਸਕੇ। ਇਹ ਨਿਯੁਕਤੀ ਸਿਰਫ਼ ਵਿਧਾਇਕ ਜਮੀਲ ਉਰ ਰਹਿਮਾਨ ਦੀ ਵਿਅਕਤੀਗਤ ਕਾਬਲੀਅਤ ਦੀ ਪਛਾਣ ਨਹੀਂ, ਸਗੋਂ ਮਲਰਕੋਟਲਾ ਅਤੇ ਅਲਪਸੰਖਿਆਕ ਸਮਾਜ ਲਈ ਵੀ ਇੱਕ ਗੌਰਵ ਦਾ ਮੌਕਾ ਹੈ। ਉਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਦੀ ਭਲਾਈ, ਸਿੱਖਿਆ ਅਤੇ ਆਧੁਨਿਕਤਾ ਵੱਲ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਨਵੀਂ ਭੂਮਿਕਾ ਵਿੱਚ ਭਵਿੱਖ ਵਿੱਚ ਵੀ ਲੋਕਾਂ ਨੂੰ ਨਵੀਆਂ ਸਹੂਲਤਾਂ ਉਪਲਬਧ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਿਆਸੀ ਅਤੇ ਸਮਾਜਿਕ ਵਿਅਕਤੀਆਂ ਵੱਲੋਂ ਵੀ ਉਨ੍ਹਾਂ ਨੂੰ ਮੁਬਾਰਕਬਾਦ ਦੇ ਸਨੇਹੇ ਮਿਲ ਰਹੇ ਹਨ। ਕਈ ਵਿਧਾਇਕਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਉਮੀਦ ਜਤਾਈ ਗਈ ਕਿ ਉਨ੍ਹਾਂ ਦੀ ਅਗਵਾਈ ਹੇਠ ਲਾਈਬ੍ਰੇਰੀ ਐਂਡ ਪੇਪਰ ਲੈਡ ਕਮੇਟੀ ਨਵੇਂ ਮਾਪਦੰਡ ਸੈੱਟ ਕਰੇਗੀ। ਵਿਧਾਇਕ ਰਹਿਮਾਨ ਦੀ ਚੇਅਰਮੈਨੀ ਅਧੀਨ ਅਮਨਦੀਪ ਸਿੰਘ ਮੁਸਾਫ਼ਿਰ, ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਮਨਵਿੰਦਰ ਸਿੰਘ ਗਿਆਸਪੁਰਾ, ਕੁਵਰ ਵਿਜੇ ਪ੍ਰਤਾਪ ਸਿੰਘ, ਵਿਜੇ ਸਿੰਗਲਾ, ਬਲਕਾਰ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਕੁਲਦੀਪ ਸਿੰਘ ਕਾਲਾ ਢਿੱਲੋ, ਜੰਗੀ ਲਾਲ ਮਹਾਜਨ ਆਦਿ ਨੂੰ ਮੈਬਰ ਨਿਯੁਕਤ ਕੀਤਾ ਗਿਆ।
Get all latest content delivered to your email a few times a month.