ਤਾਜਾ ਖਬਰਾਂ
ਮੋਗਾ, 21 ਮਈ : (ਹਰਪਾਲ ਸਿੰਘ ਸਹਾਰਨ)ਪੰਜਾਬ 'ਚ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਸਰਗਰਮੀਆਂ ਖ਼ਿਲਾਫ਼ ਚੱਲ ਰਹੇ ਵਿਸ਼ੇਸ਼ ਮੁਹਿੰਮ ਹੇਠ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। DIG ਫਰੀਦਕੋਟ ਰੇਂਜ ਸ਼੍ਰੀ ਅਸ਼ਵਨੀ ਕਪੂਰ (IPS) ਅਤੇ SSP ਮੋਗਾ ਸ਼੍ਰੀ ਅਜੈ ਗਾਂਧੀ (IPS) ਦੀ ਅਗਵਾਈ ਹੇਠ SI.A.I.E. ਸਟਾਫ ਮੋਗਾ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਸਾਂਝੇ ਓਪਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਗੈਰ ਕਾਨੂੰਨੀ ਹਥਿਆਰ, ਨਕਦੀ ਅਤੇ ਸੋਨਾ ਬਰਾਮਦ ਕੀਤਾ ਹੈ।
ਪੁਲਿਸ ਵੱਲੋਂ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਗਲੀ ਨੰ. 9 ਪਰਵਾਨਾ ਨਗਰ, ਮੋਗਾ ਅਤੇ ਦਿਵਿੰਦਰ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਬੁਰਖਾਵਾਲਾ ਦੇ ਘਰਾਂ 'ਚ ਛਾਪੇ ਮਾਰੇ ਗਏ। ਤਲਾਸ਼ੀ ਦੌਰਾਨ 12 ਬੋਰ ਰਾਇਫਲ, 30 ਬੋਰ ਪਿਸਤੌਲ, 32 ਬੋਰ ਰਿਵਾਲਵਰ ਦੇ ਕਾਰਤੂਸ, ਕੁੱਲ 519 ਜਿੰਦੇ ਰਾਊਂਡ, 5 ਤੋਲਾ ਸੋਨੇ ਦੇ ਗਹਿਣੇ, ₹1,45,100 ਨਕਦ ਅਤੇ ਹੋਰ ਸਾਮਾਨ ਬਰਾਮਦ ਹੋਇਆ।
ਤਫ਼ਤੀਸ਼ ਦੌਰਾਨ ਹੋਰ ਦੋ ਦੋਸ਼ੀਆਂ ਲਖਵੀਰ ਸਿੰਘ ਉਰਫ਼ ਲਖਾ ਅਤੇ ਨਵਜੋਤ ਸਿੰਘ ਨੂੰ ਵੀ ਗਿਰਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ₹3,74,000 ਨਕਦੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਰਕਮ ਬਲਰਾਜ ਸਿੰਘ ਵੱਲੋਂ ਹੈਰੋਇਨ ਤਸਕਰੀ ਲਈ ਦਿੱਤੀ ਗਈ ਸੀ।
ਬਰਾਮਦਗੀ ਦਾ ਵੇਰਵਾ:12 ਬੋਰ ਰਾਇਫਲ ਅਤੇ 143 ਰਾਊਂਡ, 30 ਬੋਰ ਪਿਸਤੌਲ, 2 ਮੈਗਜ਼ੀਨ ਅਤੇ 25 ਰਾਊਂਡ, 32 ਬੋਰ ਰਿਵਾਲਵਰ ਦੇ 28 ਆਟੋ ਰਾਊਂਡ ਅਤੇ 120 ਜਿੰਦੇ ਰਾਊਂਡ, ₹5,19,100 ਭਾਰਤੀ ਕਰੰਸੀ, 5 ਤੋਲੇ ਸੋਨੇ ਦੇ ਗਹਿਣੇ,ਲੈਪਟਾਪ, ਟੈਬਲੈਟ, ਨੋਟ ਗਿਣਣ ਅਤੇ ਸੀਲਿੰਗ ਮਸ਼ੀਨ ਆਦਿ
ਪੁਲਿਸ ਅਧਿਕਾਰੀਆਂ ਮੁਤਾਬਕ, ਗਿਰਫ਼ਤਾਰ ਕੀਤੇ ਦੋਸ਼ੀਆਂ ਬਲਰਾਜ ਸਿੰਘ ਅਤੇ ਦਿਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਤਲ, NDPS ਐਕਟ ਅਤੇ ਆਰਮਜ਼ ਐਕਟ ਹੇਠ ਕਈ ਗੰਭੀਰ ਮਾਮਲੇ ਦਰਜ ਹਨ। ਪੁਲਿਸ ਵੱਲੋਂ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲਿਆ ਗਿਆ ਹੈ ਅਤੇ ਅੱਗੇ ਦੀ ਤਫ਼ਤੀਸ਼ ਜਾਰੀ ਹੈ।
Get all latest content delivered to your email a few times a month.