ਤਾਜਾ ਖਬਰਾਂ
ਚੰਡੀਗੜ੍ਹ/ਫਰੀਦਕੋਟ, 21 ਮਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਫਰੀਦਕੋਟ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਵਿਦੇਸ਼ੀ ਗੈਂਗਸਟਰ ਅਰਸ਼ ਡੱਲ੍ਹਾ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਵਿਸ਼ਾਲ ਸਿੰਘ ਅਤੇ ਫਿਰੋਜ਼ਪੁਰ ਦੇ ਪਿੰਡ ਗੇਮਵਾਲਾ ਦੇ ਰਹਿਣ ਵਾਲੇ ਓਂਕਾਰ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .30 ਬੋਰ ਦੀਆਂ ਪਿਸਤੌਲਾਂ ਦੇ ਨਾਲ-ਨਾਲ ਛੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਵਿਸ਼ਾਲ ਸਿੰਘ, ਜੋ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ, ਆਪਣੇ ਵਿਰੋਧੀ ਗਿਰੋਹ ਦੇ ਮੈਂਬਰ ਨੂੰ ਖਤਮ ਕਰਨ ਦੀ ਸਰਗਰਮੀ ਨਾਲ ਯੋਜਨਾ ਬਣਾ ਰਿਹਾ ਸੀ। ਮੁਲਜ਼ਮ ਲਗਾਤਾਰ ਆਪਣੇ ਵਿਦੇਸ਼ੀ ਹੈਂਡਲਰਾਂ ਨਾਲ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਆਪੇ੍ਰਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਡੀਐਸਪੀ ਰਾਜਨ ਪਰਮਿੰਦਰ ਦੀ ਅਗਵਾਈ ਵਿੱਚ ਏਜੀਟੀਐਫ ਦੀਆਂ ਟੀਮਾਂ ਨੇ ਫਰੀਦਕੋਟ ਦੇ ਅਧਿਕਾਰ ਖੇਤਰ ਵਿੱਚ ਮੁਲਜ਼ਮਾਂ ਨੂੰ ਭਾਲ ਲਿਆ ਅਤੇ ਫਰੀਦਕੋਟ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਸਾਦਿਕ ਦੇ ਦਾਣਾ ਮੰਡੀ ਚੌਕ ਨੇੜਿਓਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਬਰਾਮਦ ਕੀਤੇ ਹਨ।
ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਨ੍ਹਾਂ ਵਿਰੁੱਧ ਇਰਾਦਾ ਕਤਲ , ਧੋਖਾਧੜੀ, ਅਸਲਾ ਐਕਟ ਆਦਿ ਦੇ ਮਾਮਲੇ ਦਰਜ ਹਨ।
ਇਸ ਸਬੰਧੀ ਫਰੀਦਕੋਟ ਦੇ ਪੁਲਿਸ ਥਾਣਾ ਸਾਦਿਕ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 52 ਮਿਤੀ 21/5/2025 ਦਰਜ ਕੀਤੀ ਗਈ ਹੈ।
Get all latest content delivered to your email a few times a month.