ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਖੇਤੀ ਦੇ ਪਾਰੰਪਰਿਕ ਢੰਗਾਂ ਨੂੰ ਬਦਲ ਕੇ ਪਾਣੀ ਬਚਾਉਣ ਅਤੇ ਖੇਤੀ ਨੀਤੀ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਇਕ ਮਹੱਤਵਪੂਰਨ ਕਦਮ ਚੁੱਕਦਿਆਂ 2500 ਹੈਕਟੇਅਰ ਰਕਬੇ 'ਚ ਝੋਨੇ ਦੀ ਥਾਂ ਸਾਉਣੀ ਮੌਸਮ ਦੀ ਮੱਕੀ ਦੀ ਕਾਸ਼ਤ ਕਰਨ ਲਈ ਇਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਝੋਨਾ ਪਾਣੀ ਦੀ ਬਹੁਤ ਵੱਧ ਖਪਤ ਕਰਦਾ ਹੈ ਜਿਸ ਕਾਰਨ ਜ਼ਮੀਨ ਹੇਠਲਾ ਪਾਣੀ ਘੱਟ ਰਹਾ ਹੈ, ਜੋ ਕਿ ਭਵਿੱਖ ਦੀ ਖੇਤੀ ਲਈ ਸੰਕਟ ਦਾ ਕਾਰਣ ਬਣ ਸਕਦਾ ਹੈ। ਇਸ ਪਾਇਲਟ ਯੋਜਨਾ ਅਧੀਨ ਜਿਹੜੇ ਕਿਸਾਨ ਝੋਨੇ ਦੀ ਥਾਂ ਮੱਕੀ ਦੀ ਕਾਸ਼ਤ ਕਰਨਗੇ, ਉਨ੍ਹਾਂ ਨੂੰ ਪ੍ਰਤੀ ਹੈਕਟੇਅਰ ₹17,500 ਪ੍ਰੋਤਸਾਹਨ ਰਾਸ਼ੀ ਵਜੋਂ ਸਿੱਧੇ ਬੈਂਕ ਖਾਤਿਆਂ ਵਿੱਚ ਦਿੱਤੀ ਜਾਵੇਗੀ। ਨਾਲ ਹੀ ਪੰਜਾਬ ਸਰਕਾਰ ਵੱਲੋਂ ਮੱਕੀ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਯਕੀਨੀ ਬਣਾਉਣ ਦੇ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਵਿਕਰੀ ਵਿੱਚ ਕੋਈ ਮੁਸ਼ਕਿਲ ਨਾ ਆਵੇ। ਇਸ ਯੋਜਨਾ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ 25 ਅਗਾਂਹਵਧੂ ਨੌਜਵਾਨਾਂ ਨੂੰ 'ਕਿਸਾਨ ਮਿੱਤਰ' ਵਜੋਂ ਨਿਯੁਕਤ ਕਰਕੇ ਉਨ੍ਹਾਂ ਰਾਹੀਂ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਵਿਚਕਾਰ ਸੂਚਨਾ ਅਤੇ ਤਕਨੀਕੀ ਤਾਲਮੇਲ ਬਣਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੇਸ਼ ਵਿੱਚ ਏਥਾਨੋਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ ਅਤੇ ਪੈਟਰੋਲ ਵਿੱਚ 20% ਏਥਾਨੋਲ ਦੀ ਮਿਲਾਵਟ ਲਾਜ਼ਮੀ ਹੋਣ ਕਰਕੇ ਮੱਕੀ ਦੀ ਮੰਗ ਹੋਰ ਵਧੇਗੀ, ਜਿਸਨੂੰ ਧਿਆਨ ਵਿੱਚ ਰੱਖਦਿਆਂ ਮੱਕੀ ਹੇਠ ਰਕਬਾ ਵਧਾਉਣ ਦੀ ਲੋੜ ਹੈ। ਇਸੇ ਤਹਿਤ ਖੇਤੀਬਾੜੀ ਵਿਭਾਗ ਨੂੰ ਪਿੰਡ ਪੱਧਰ 'ਤੇ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਮੱਕੀ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਣੂ ਕਰਵਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ, ਤਾਂ ਜੋ ਇਹ ਯੋਜਨਾ ਸਫਲ ਹੋ ਸਕੇ ਅਤੇ ਪੰਜਾਬ ਦੀ ਖੇਤੀ-ਬਾੜੀ ਨੂੰ ਭਵਿੱਖ ਵਿੱਚ ਇਕ ਨਵੇਂ ਟਿਕਾਊ ਦਿਸ਼ਾ ਵਿੱਚ ਲਿਜਾਇਆ ਜਾ ਸਕੇ।
Get all latest content delivered to your email a few times a month.