ਤਾਜਾ ਖਬਰਾਂ
ਚੰਡੀਗੜ੍ਹ, 13 ਮਈ- ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ, ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ ਅਤੇ ਲਾਲਜੀਤ ਸਿੰਘ ਭੁੱਲਰ, 'ਆਪ' ਵਿਧਾਇਕਾਂ ਅਤੇ ਸੂਬੇ ਦੇ ਵੱਖ-ਵੱਖ ਕੋਨਿਆਂ ਤੋਂ ਪਹੁੰਚੇ ਆਗੂਆਂ ਨੇ ਅੱਜ ਭਾਜਪਾ ਸ਼ਾਸਿਤ ਕੇਂਦਰ ਅਤੇ ਰਾਜ ਸਰਕਾਰਾਂ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਪੰਜਾਬ ਦੇ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਦਿੱਤੇ ਜਾਣ ਦੇ ਮੁੱਦੇ 'ਤੇ ਆਪਣਾ ਸਖ਼ਤ ਵਿਰੋਧ ਪ੍ਰਗਟ ਕੀਤਾ।
ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਰਿਆਣਾ ਨੂੰ 21 ਮਈ ਤੋਂ ਪਹਿਲਾਂ ਕੋਈ ਵਾਧੂ ਪਾਣੀ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਮਨੁੱਖੀ ਹਮਦਰਦੀ ਵਜੋਂ ਹਰਿਆਣਾ ਨੂੰ ਆਪਣੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਪ੍ਰਦਾਨ ਕਰ ਰਿਹਾ ਹੈ। ਇਸ ਵਾਧੂ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀਆਂ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ, ਹਰਿਆਣਾ ਨੇ ਧਿਆਨ ਨਹੀਂ ਦਿੱਤਾ। ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਰਾਜਸਥਾਨ ਵਿੱਚ ਤਾਇਨਾਤ ਸੁਰੱਖਿਆ ਬਲਾਂ ਲਈ ਪਾਣੀ ਦੀ ਮੰਗ ਨੂੰ ਤੁਰੰਤ ਸਵੀਕਾਰ ਕਰਦੇ ਹੋਏ, ਪੰਜਾਬ ਸਰਕਾਰ ਨੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਵਿੱਚ ਨਿਹਿਤ ਉਦਾਰਤਾ ਅਤੇ ਕਦਰਾਂ-ਕੀਮਤਾਂ ਦਾ ਪ੍ਰਦਰਸ਼ਨ ਕੀਤਾ ਹੈ।
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੀ 4500 ਕਰੋੜ ਰੁਪਏ ਦੀ ਵਿਆਪਕ ਯੋਜਨਾ 'ਤੇ ਚਾਨਣਾ ਪਾਇਆ, ਜੋ ਕਿਸਾਨਾਂ ਨੂੰ ਟਿਊਬਵੈੱਲਾਂ 'ਤੇ ਨਿਰਭਰ ਹੋਣ ਤੋਂ ਮੁਕਤ ਕਰੇਗੀ ਅਤੇ ਰਾਜ ਦੀ ਬਿਜਲੀ ਦੀ ਲਾਗਤ ਘਟਾਏਗੀ। ਕੈਬਨਿਟ ਮੰਤਰੀ ਈਟੀਓ ਨੇ ਕਿਹਾ ਕਿ ਰਾਜ ਦੇ ਕਿਸਾਨ 15 ਲੱਖ ਤੋਂ ਵੱਧ ਟਿਊਬਵੈੱਲਾਂ ਰਾਹੀਂ ਭੂਮੀਗਤ ਪਾਣੀ ਕੱਢਣ ਲਈ ਮਜਬੂਰ ਹਨ ਜਦੋਂ ਕਿ ਪੰਜਾਬ ਦੇ ਜਲ ਸਰੋਤ ਦੂਜੇ ਰਾਜਾਂ ਦੁਆਰਾ ਵਰਤੇ ਜਾ ਰਹੇ ਹਨ, ਜਿਸਦੇ ਨਤੀਜੇ ਵਜੋਂ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿੱਚ ਚਲੇ ਗਏ ਹਨ ਅਤੇ ਜ਼ਮੀਨ ਦੀ ਸਿਹਤ ਵੀ ਵਿਗੜੀ ਹੈ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ, ਕੀਰਤਪੁਰ ਸਾਹਿਬ ਦੇ ਨੰਗਲ ਡੈਮ ਅਤੇ ਲੋਹੰਡ ਖੱਡ ਗੇਟਾਂ 'ਤੇ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਹਰਿਆਣਾ ਨੂੰ ਆਪਣੇ ਬਣਦੇ ਹਿੱਸੇ ਤੋਂ ਵੱਧ ਪਾਣੀ ਦੇ ਰਿਹਾ ਹੈ ਅਤੇ ਕਿਸੇ ਵੀ ਹਾਲਤ ਵਿੱਚ ਆਪਣਾ ਹਿੱਸਾ ਨਹੀਂ ਛੱਡੇਗਾ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਦੀ ਲਾਗਤ ਸਹਿਣ ਦੇ ਬਾਵਜੂਦ, ਸੂਬੇ ਨੇ ਦੇਸ਼ ਦੇ ਅਨਾਜ ਭੰਡਾਰ ਵਿੱਚ ਸੱਭ ਤੋਂ ਵੱਧ ਯੋਗਦਾਨ ਪਾਇਆ। ਉਨ੍ਹਾਂ ਨੇ ਸੂਬੇ ਦੇ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ਅਪਣਾਉਣ ਅਤੇ ਬਾਗਬਾਨੀ ਅਤੇ ਸਬਜ਼ੀਆਂ ਦੀ ਕਾਸ਼ਤ ਵੱਲ ਵਧਣ ਦੀ ਪ੍ਰਸ਼ੰਸਾ ਕੀਤੀ, ਨਾਲ ਹੀ ਇਨ੍ਹਾਂ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਅਤੇ ਖੇਤੀਬਾੜੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਨਹਿਰੀ ਪਾਣੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਸੂਬੇ ਦੇ ਕੈਬਨਿਟ ਮੰਤਰੀਆਂ ਨੇ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਰੱਖਿਆ ਪ੍ਰਤੀ ਸਮਰਪਣ ਲਈ ਵਲੰਟੀਅਰਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਪ੍ਰਣ ਕੀਤਾ ਕਿ ਦਿਨ-ਰਾਤ ਦੀ ਇਹ ਚੌਕਸੀ ਜਾਰੀ ਰਹੇਗੀ, ਕਿਉਂਕਿ ਪੰਜਾਬ ਦੇ ਜਲ ਸਰੋਤਾਂ ਦੀ ਰੱਖਿਆ ਕਰਨਾ ਸੂਬੇ ਦੀ ਆਰਥਿਕਤਾ ਅਤੇ ਭਵਿੱਖ ਲਈ ਬੇਹੱਦ ਜ਼ਰੂਰੀ ਹੈ।
Get all latest content delivered to your email a few times a month.