IMG-LOGO
ਹੋਮ ਪੰਜਾਬ: ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ...

ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਡਾ. ਬਲਬੀਰ ਸਿੰਘ

Admin User - May 10, 2025 05:54 PM
IMG

-ਸਾਰੀਆਂ ਲੋੜੀਂਦੀਆਂ ਜਰੂਰੀ ਵਸਤਾਂ ਦਾ ਸਟਾਕ ਵਾਧੂ, ਲੋਕ ਕਿਸੇ ਵੀ ਤਰ੍ਹਾਂ ਦੀ ਘਬਰਾਹਟ 'ਚ ਆਕੇ ਬੇਲੋੜੀ ਖ਼ਰੀਦੋ-ਫ਼ਰੋਖਤ ਨਾ ਕਰਨ-ਸਿਹਤ ਮੰਤਰੀ


ਪਟਿਆਲਾ, 10 ਮਈ- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਡਰੋਨ, ਮਿਜਾਇਲ ਜਾਂ ਬੰਬ ਵਰਗੀ ਵਸਤੂ ਦੇ ਨੇੜੇ ਨਾ ਜਾਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਤਾਂ ਕਿ ਕੋਈ ਅਣਸੁਖਾਵੀਂ ਘਟਨਾ ਵਾਪਰੇ ਕਿਉਂਕਿ ਅਜਿਹੀਆਂ ਵਸਤਾਂ ਨਾਲ ਨਜਿੱਠਣਾ ਫ਼ੌਜ ਤੇ ਪੁਲਿਸ ਜਾਂ ਫਾਇਰ ਬ੍ਰਿਗੇਡ ਦਸਤਿਆਂ ਦਾ ਕੰਮ ਹੈ।

ਅੱਜ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਤੇ ਜਰੂਰੀ ਵਸਤਾਂ ਸਬੰਧੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਬੈਠਕ ਕਰਦਿਆਂ ਸਿਹਤ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋੜੀਂਦੀਆਂ ਸਾਰੀਆਂ ਵਸਤੂਆਂ ਦਾ ਵਾਧੂ ਸਟਾਕ ਉਪਲਬੱਧ ਹੈ, ਇਸ ਲਈ ਲੋਕ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਆਕੇ ਬੇਲੋੜੀ ਖ਼ਰੀਦੋ-ਫ਼ਰੋਖ਼ਤ ਤੋਂ ਗੁਰੇਜ਼ ਕਰਨ। ਲੋਕਾਂ ਨੂੰ ਅਪੀਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਕਰਨ ਤੋਂ ਪਹਿਲਾਂ ਇੱਕ ਵਾਰ ਪੁਸ਼ਟੀ ਕਰ ਲਈ ਜਾਵੇ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਵੀ ਯਕੀਨੀ ਬਣਾਈ ਜਾਵੇ।

ਸਿਹਤ ਮੰਤਰੀ ਨੇ ਐਲ.ਪੀ.ਜੀ., ਪੈਟਰੋਲ-ਡੀਜ਼ਲ, ਫ਼ਲ, ਸਬਜ਼ੀਆਂ, ਕਰਿਆਨੇ ਦੀਆਂ ਵਸਤਾਂ, ਦਵਾਈਆਂ ਤੇ ਹੋਰ ਜਰੂਰੀ ਵਸਤਾਂ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਬੇਲੋੜੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਤੋਂ ਬਚਿਆ ਜਾਵੇ ਅਤੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਕਿਸੇ ਵੀ ਵਸਤੂ ਦੀ ਕੋਈ ਤੋਟ ਨਹੀਂ ਹੈ, ਇਸ ਲਈ ਕਈ-ਕਈ ਮਹੀਨਿਆਂ ਲਈ ਸਮਾਨ ਦੀ ਵਾਧੂ ਖ਼ਰੀਦਦਾਰੀ ਨਾਹ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਸਿਹਤ ਸੇਵਾਵਾਂ ਅਤੇ ਲਾਇਫ਼ ਸਪੋਰਟ ਸਾਜੋ-ਸਮਾਨ ਨਾਲ ਲੈਸ ਐਂਬੂਲੈਂਸਾਂ ਵੀ ਤਿਆਰ-ਬਰ-ਤਿਆਰ ਹਨ, ਜਿਸ ਲਈ ਲੋਕਾਂ ਨੂੰ ਕੋਈ ਘਬਰਾਹਟ ਵਿੱਚ ਆਉਣ ਦੀ ਲੋੜ ਨਹੀਂ ਹੈ।

ਮੀਟਿੰਗ ਮੌਕੇ ਡਾਕਟਰਾਂ ਵਾਲਾ ਐਪਰਨ ਪਾ ਕੇ ਪੁੱਜੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਲੋਕ ਹਿੱਤ 'ਚ ਫੈਸਲਾ ਕੀਤਾ ਹੈ ਕਿ ਜੰਗ ਦੀ ਸੂਰਤ ਤੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਦੇ ਸ਼ਿਕਾਰ ਲੋਕਾਂ ਦਾ ਇਲਾਜ ਵੀ ਸਾਰੇ ਹਸਤਾਲਾਂ ਵਿੱਚ ਫ਼ਰਿਸਤੇ ਸਕੀਮ ਤਹਿਤ ਮੁਫ਼ਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਭਰ 'ਚ ਖੂਨਦਾਨੀਆਂ ਦੀ ਸੂਚੀ ਤਿਆਰ ਕਰਨ ਸਮੇਤ ਹਰ ਤਰ੍ਹਾਂ ਦੀ ਮੈਡੀਕਲ ਸਥਿਤੀ ਨਾਲ ਨਜਿੱਠਣ ਲਈ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਪੂਰੀ ਤਰ੍ਹਾਂ ਤਿਆਰ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਪਟਿਆਲਾ ਸਮੇਤ ਪੂਰੇ ਰਾਜ ਭਰ 'ਚ ਨਰਸਿੰਗ, ਇੰਟਰਨਸ, ਪੈਰਾਮੈਡਿਕਸ, ਸਿਵਲ ਡਿਫੈਂਸ ਵਲੰਟੀਅਰਾਂ ਤੇ ਆਮ ਲੋਕਾਂ ਨੂੰ ਵੀ ਜੰਗ ਤੇ ਆਫ਼ਤ ਦੇ ਸਮੇਂ ਮੁਢਲੀ ਸਹਾਇਤਾ, ਤੇ ਇਮਾਰਤਾਂ 'ਚ ਫਸਿਆਂ ਨੂੰ ਕੱਢਣਾ, ਅੱਗ ਲੱਗਣ ਤੇ ਹੋਰ ਆਪਾਤਕਾਲੀਨ ਸਥਿਤੀ 'ਚ ਆਪਣੀ ਤੇ ਦੂਸਰਿਆਂ ਦੀ ਕਿਸ ਤਰ੍ਹਾਂ ਮਦਦ ਕਰਨੀ ਹੈ, ਬਾਰੇ ਸਿਖਲਾਈ ਦਿੱਤੀ ਜਾਵੇ। ਉਨ੍ਹਾਂ ਨੇ ਇਸ ਬਾਰੇ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਤੇ ਸਿਵਲ ਸਰਜਨ ਨੂੰ ਐਸ.ਓ.ਪੀ ਤਿਆਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਜੰਗ ਦੀ ਸੂਰਤ 'ਚ ਅਸੀਂ ਸਰਹੱਦਾਂ 'ਤੇ ਲੜਦੀ ਫ਼ੌਜ ਤੇ ਸਾਡੀ ਸੁਰੱਖਿਆ ਕਰਦੀ ਪੁਲਿਸ ਦਾ ਦਬਾਅ ਘਟਾ ਸਕੀਏ ਅਤੇ ਉਨ੍ਹਾਂ ਦਾ ਮਨੋਬਲ ਉਚਾ ਰਹੇ।

ਮੀਟਿੰਗ 'ਚ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਰ ਤਰ੍ਹਾਂ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਏ.ਡੀ.ਸੀ. ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਐਮਰਜੈਂਸੀ ਸਥਿਤੀ ਨਾਨ ਸਿੱਝਣ ਲਈ ਸਾਰੀਆਂ ਟੀਮਾਂ ਤਿਆਰ ਬਰ ਤਿਆਰ ਹਨ। ਮੀਟਿੰਗ ਮੌਕੇ ਸਾਰੀਆਂ ਲੋੜੀਂਦੀਆਂ ਵਸਤਾਂ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਨੁਮਾਇੰਦੇ, ਸਾਰੇ ਐਸ.ਡੀ.ਐਮਜ, ਸਿਹਤ ਤੇ ਮੈਡੀਕਲ ਸਿੱਖਿਆ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। 

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.