IMG-LOGO
ਹੋਮ ਪੰਜਾਬ: ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੇ ਸਾਕਾਰਾਤਮਕ ਨਤੀਜੇ...

ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੇ ਸਾਕਾਰਾਤਮਕ ਨਤੀਜੇ ਆਏ ਸਾਹਮਣੇ : ਵਿਜੀਲੈਂਸ ਬਿਊਰੋ ਵੱਲੋਂ 60,000 ਰੁਪਏ ਰਿਸ਼ਵਤ ਮੰਗਣ ਵਾਲਾ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ...

Admin User - May 05, 2025 08:17 PM
IMG

 ਚੰਡੀਗੜ੍ਹ, 5 ਮਈ=   ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ ਜਿਸ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਅੰਮ੍ਰਿਤਸਰ ਵਿੱਚ ਇੱਕ ਸਰਕਾਰੀ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹੈਲਪਲਾਈਨ ਸਦਕਾ ਵਿਜੀਲੈਂਸ ਦੀ ਕਾਰਵਾਈ ਇਸ ਜਨਤਕ ਪਹਿਲਕਦਮੀ ਦੀ ਵੱਧ ਰਹੀ ਸਫਲਤਾ ਨੂੰ ਉਜਾਗਰ ਕਰਦੀ ਹੈ ਅਤੇ ਇਹ ਮੁਹਿੰਮ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟ ਗਤੀਵਿਧੀਆਂ ਦਾ ਪਰਦਾਫਾਸ਼ ਕਰਕੇ ਨਾਗਰਿਕਾਂ ਨੂੰ ਸਸ਼ਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ (ਬੀਡੀਪੀਓ), ਵੇਰਕਾ ਬਲਾਕ, ਰਾਣੀ-ਕਾ-ਬਾਗ, ਅੰਮ੍ਰਿਤਸਰ ਦੇ ਸੁਪਰਡੈਂਟ ਵਜੋਂ ਹੋਈ ਹੈ, ਜਿਸ ਨੇ ਗਲੀ ਉੱਤੇ ਕਬਜ਼ੇ ਦੀ ਸ਼ਿਕਾਇਤ 'ਤੇ ਸਰਕਾਰੀ ਕਾਰਵਾਈ ਦੇ ਬਦਲੇ ਪਿੰਡ ਨਬੀਪੁਰ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਵਸਨੀਕ ਤੋਂ 60,000 ਰੁਪਏ ਦੀ ਰਿਸ਼ਵਤ ਮੰਗੀ ਸੀ।

ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸਨੇ ਬੀਡੀਪੀਓ ਬਲਾਕ ਵੇਰਕਾ ਲਖਵਿੰਦਰ ਕੌਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਗੁਆਂਢੀ ਗੁਰਵਿੰਦਰ ਸਿੰਘ ਨੇ ਉਸਦੇ ਘਰ ਨੂੰ ਜਾਣ ਵਾਲੀ ਗਲੀ 'ਤੇ ਨਾਜਾਇਜ਼ ਕਬਜ਼ਾ ਕੀਤਾ ਹੈ। ਬੀਡੀਪੀਓ ਨੇ ਇਹ ਮਾਮਲਾ ਉਕਤ ਸੁਪਰਡੈਂਟ ਨੂੰ ਅੱਗੇ ਭੇਜ ਦਿੱਤਾ, ਜਿਸ ਨੇ ਇਹ ਸ਼ਿਕਾਇਤ ਤੇ ਜੂਨੀਅਰ ਇੰਜੀਨੀਅਰ ਮੋਹਿਤ ਕੁਮਾਰ ਅਤੇ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਨੂੰ ਤੱਥਾਂ ਦੀ ਪੁਸ਼ਟੀ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਜਾਂਚ ਦੀ ਤਸਦੀਕ ਤੋਂ ਪਤਾ ਲੱਗਾ ਕਿ ਸਰਕਾਰੀ ਗਲੀ 'ਤੇ ਕਬਜ਼ਾ ਕਰਨ ਦੀ ਸ਼ਿਕਾਇਤ ਸਹੀ ਸੀ, ਜਿਸ ਕਾਰਨ ਉਸ ਵਿਅਕਤੀ‘ਤੇ 3,284 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ, ਕਬਜ਼ਾਧਾਰਕ ਨੇ ਇਸ ਨੋਟਿਸ ਦੀ ਪਾਲਣਾ ਨਹੀਂ ਕੀਤੀ, ਜਿਸ ਕਾਰਨ ਬੀਡੀਪੀਓ ਦਫ਼ਤਰ ਨੂੰ ਗੈਰ-ਕਾਨੂੰਨੀ ਢਾਂਚੇ ਨੂੰ ਹਟਾਉਣ ਲਈ ਪੁਲਿਸ ਸਹਾਇਤਾ ਦੀ ਬੇਨਤੀ ਕਰਨੀ ਪਈ।

ਹਾਲਾਂਕਿ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ, ਸੁਪਰਡੈਂਟ ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਦੀ ਇੱਕ ਹੋਰ ਸ਼ਿਕਾਇਤ ਉੱਤੇ ਅਗਲੇਰੀ ਕਾਰਵਾਈ ਉਤੇ ਅਮਲ ਕਰਨ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੂੰ 20,000 ਰੁਪਏ ਪੇਸ਼ਗੀ ਵਜੋਂ ਦੇਣ ਲਈ ਕਿਹਾ ਸੀ। ਸ਼ਿਕਾਇਤਕਰਤਾ ਨੇ ਗੂਗਲ ਪੇਅ ਰਾਹੀਂ 10,000 ਰੁਪਏ ਉਕਤ ਸਤਨਾਮ ਸਿੰਘ ਦੇ ਖਾਤੇ ਵਿੱਚ ਪਾ ਦਿੱਤੇ। ਇਸ ਤੋਂ ਬਾਅਦ ਵਿਭਾਗ ਨੇ ਪੁਲਿਸ ਦੀ ਸਹਾਇਤਾ ਨਾਲ ਗਲੀ ਵਿੱਚ ਲੱਗੇ ਗੈਰ-ਕਾਨੂੰਨੀ ਥੰਮ੍ਹਾਂ ਨੂੰ ਹਟਾ ਦਿੱਤਾ ਗਿਆ।

ਇਸ ਉਪਰੰਤ ਸ਼ਿਕਾਇਤਕਰਤਾ ਦੇ ਗੁਆਂਢੀ ਨੇ ਬਦਲੇ ਦੀ ਕਾਰਵਾਈ ਕਰਦਿਆਂ ਪਿੰਡ ਦੇ ਨਾਲੇ ਨੂੰ ਬਲੌਕ ਕਰ ਦਿੱਤਾ ਸੀ ਜਿਸ ਕਰਕੇ ਸ਼ਿਕਾਇਤਕਰਤਾ ਨੂੰ ਮਜ਼ਬੂਰਨ ਦੁਬਾਰਾ ਉਕਤ ਸੁਪਰਡੈਂਟ ਕੋਲ ਪਹੁੰਚ ਕਰਨੀ ਪਈ। ਸਤਨਾਮ ਸਿੰਘ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਉਹ ਪਹਿਲਾਂ ਦਿੱਤੀ ਹੋਈ ਰਿਸ਼ਵਤ ਬਾਰੇ ਚੁੱਪ ਰਹੇ ਨਹੀਂ ਤਾਂ ਉਹ ਉਸ ਵੱਲੋਂ ਨਾਲੇ ਦੇ ਬਾਰੇ ਦਿੱਤੀ ਸ਼ਿਕਾਇਤ ਵਿੱਚ ਕੋਈ ਮੱਦਦ ਨਹੀਂ ਕਰੇਗਾ।

ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਦੇ ਥਾਣਾ, ਅੰਮ੍ਰਿਤਸਰ ਰੇਂਜ ਵਿਖੇ ਸਤਨਾਮ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਨ ਤੋਂ ਪਹਿਲਾਂ ਸਾਰੇ ਤੱਥਾਂ ਦੀ ਪੁਸ਼ਟੀ ਕੀਤੀ ਅਤੇ ਉਸ ਨੂੰ ਦੋਸ਼ੀ ਸਾਬਤ ਹੋਣ ਤੇ ਗ੍ਰਿਫਤਾਰ ਕਰ ਲਿਆ। ਉਸਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਬੀਡੀਪੀਓ ਲਖਵਿੰਦਰ ਕੌਰ ਦੀ ਭੂਮਿਕਾ ਦੀ ਜਾਂਚ ਅਗਲੇਰੀ ਜਾਂਚ ਦੌਰਾਨ ਕੀਤੀ ਜਾਵੇਗੀ।

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜ਼ੀਰੋ ਸਹਿਣਸ਼ੀਲਤਾ ਨੀਤੀ ਦੀ ਪੁਸ਼ਟੀ ਕਰਦਿਆਂ ਨਾਗਰਿਕਾਂ ਨੂੰ ਸਰਕਾਰੀ ਅਧਿਕਾਰੀਆਂ ਦੁਆਰਾ ਰਿਸ਼ਵਤਖੋਰੀ ਜਾਂ ਦੁਰਵਿਵਹਾਰ ਦੇ ਕਿਸੇ ਵੀ ਮਾਮਲੇ ਦੀ ਸਰਗਰਮੀ ਨਾਲ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਵਿਜੀਲੈਂਸ ਬਿਊਰੋ ਨੇ ਕਿਹਾ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਲੋਕਾਂ ਲਈ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰਨ ਦਾ ਇੱਕ ਜਰੀਆ ਹੈ। ਉਹਨਾਂ ਕਿਹਾ ਕਿ ਅਸੀਂ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ ਦੇ ਅੱਗੇ ਆਉਣ ਦਾ ਸੱਦਾ ਦਿੰਦੇ ਹਾਂ ਕਿਉਂਕਿ ਸਮੇਂ ਸਿਰ ਦਿੱਤੀ ਗਈ ਜਾਣਕਾਰੀ ਹੀ ਜਲਦ ਕਾਰਵਾਈ ਨੂੰ ਯਕੀਨੀ ਬਣਾਉਂਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.