ਤਾਜਾ ਖਬਰਾਂ
ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਸਬੰਧੀ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਜਿਸ ਅਨੁਸਾਰ ਲੁਧਿਆਣਾ ਜ਼ਿਲ੍ਹੇ ਨੂੰ ਤੀਜੇ ਜੋਨ ਵਿੱਚ ਰੱਖਿਆ ਗਿਆ ਹੈ। ਇਸ ਮੁਤਾਬਕ ਲੁਧਿਆਣੇ ਜ਼ਿਲ੍ਹੇ ਵਿੱਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਲਈ ਅੱਠ ਘੰਟੇ ਬਿਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀਆਂ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਪੀਆਰ ਕਿਸਮਾਂ ਦੀ ਹੀ ਬਿਜਾਈ ਕਰਨ ਅਤੇ ਗੈਰ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਨਾ ਕਰਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀਆਂ ਗੈਰ ਪ੍ਰਵਾਣਿਤ, ਗ਼ੈਰ ਸਿਫਾਰਿਸ਼ ਸੁਧਾ, ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੂਸਾ 44 ਕਿਸਮ ਜਿੱਥੇ ਲੰਮਾ ਸਮਾਂ ਲੈਂਦੀ ਹੈ ਉਸ ਦੇ ਨਾਲ ਹੀ ਪਾਣੀ ਅਤੇ ਖਾਦਾਂ ਦੀ ਖਪਤ ਵੀ ਜਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਇਸ ਨੂੰ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਜਿਆਦਾ ਹੁੰਦਾ ਹੈ, ਜਿਸ ਕਰਕੇ ਸਾਨੂੰ ਕੀੜੇ ਮਾਰ ਦਵਾਈਆਂ ਦੀ ਵਰਤੋਂ ਵੀ ਜਿਆਦਾ ਕਰਨੀ ਪੈਂਦੀ ਹੈ ਅਤੇ ਇਸ ਦਾ ਪਰਾਲ ਜਿਆਦਾ ਹੋਣ ਕਾਰਨ ਪਰਾਲੀ ਨੂੰ ਸਾਂਭਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਦੂਜੇ ਪਾਸੇ ਪੀ. ਆਰ ਕਿਸਮਾਂ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਘੱਟ ਆਉਂਦੀ ਹੈ ਅਤੇ ਖਾਦਾਂ ਦੀ ਖਪਤ ਵੀ ਘੱਟ ਹੁੰਦੀ ਹੈ। ਉਧਰ ਹਾਈਬ੍ਰਿਡ ਕਿਸਮਾਂ ਜਿਆਦਾ ਮਹਿੰਗੀਆਂ ਹੋਣ ਦੇ ਨਾਲ ਨਾਲ FCI ਦੇ ਮਾਪਦੰਡਾਂ ਤੇ ਪੂਰੀਆਂ ਨਹੀਂ ਉੱਤਰਦੀਆਂ , ਜਿਸ ਕਰਕੇ ਇਨ੍ਹਾਂ ਦੀ ਵਿੱਕਰੀ ਸਮੇਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਕਿਸਾਨ ਵੀਰ ਪ੍ਰਮਾਣਿਤ ਕਿਸਮਾਂ ਨੂੰ ਹੀ ਜਿਆਦਾ ਤਰਜੀਹ ਦੇਣ। ਡਾ. ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਜੀ ਨੇ ਸਮੂਹ ਬੀਜ ਡੀਲਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਸਿਰਫ ਪ੍ਰਮਾਣਿਤ ਕਿਸਮਾਂ ਦੀ ਹੀ ਵਿਕਰੀ ਕਰਨ, ਪੰਜਾਬ ਸਰਕਾਰ ਵੱਲੋਂ ਪੂਰਨ ਤੌਰ ਤੇ ਬੈਨ ਕਿਸਮਾਂ ਜਿਵੇਂ ਪੂਸਾ 44 ਅਤੇ ਹਾਈਬ੍ਰਿਡ ਬੀਜਾਂ ਦੀ ਵਿਕਰੀ ਬਿਲਕੁੱਲ ਨਾ ਕਰਨ। ਜੇਕਰ ਕੋਈ ਵੀ ਡੀਲਰ ਨਿਯਮਾਂ ਦੀ ਉਲੰਘਣਾ ਕਰਦਾ, ਗੈਰ ਪ੍ਰਮਾਣਿਤ, ਬੈਨ ਕੀਤੀਆਂ ਕਿਸਮਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗੀ।
Get all latest content delivered to your email a few times a month.