ਤਾਜਾ ਖਬਰਾਂ
ਚੰਡੀਗੜ੍ਹ, 13 ਅਪ੍ਰੈਲ- ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਪੰਜਾਬ ਵਿੱਚ 50 ਗਰਨੇਡਾਂ ਦੀ ਮੌਜੂਦਗੀ ਸੰਬੰਧੀ ਉਨ੍ਹਾਂ ਦੇ ਹਾਲੀਆ ਦਾਅਵਿਆਂ ਲਈ ਸਖ਼ਤ ਆਲੋਚਨਾ ਕੀਤੀ ਹੈ। ਅਰੋੜਾ ਨੇ ਬਾਜਵਾ ਦੇ ਬਿਆਨਾਂ 'ਤੇ ਗੰਭੀਰ ਚਿੰਤਾਵਾਂ ਜ਼ਾਹਿਰ ਕੀਤੀਆਂ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਅਤੇ ਜਾਣਕਾਰੀ ਦੇ ਸਰੋਤ 'ਤੇ ਸਵਾਲ ਉਠਾਏ।
ਐਤਵਾਰ ਨੂੰ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ "ਜੇ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਵਿੱਚ 32 ਗ੍ਰਨੇਡ ਆਏ ਹਨ, ਤਾਂ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੱਥੇ ਰੱਖੇ ਹੋਏ ਹਨ ਅਤੇ ਉਨ੍ਹਾਂ ਦਾ ਟਾਰਗੇਟ ਕੌਣ ਹੈ। ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਮਹੱਤਵਪੂਰਨ ਜਾਣਕਾਰੀ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਾਲ ਸਾਂਝਾ ਕਰਨ ਤਾਂ ਜੋ ਸੂਬੇ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ,"।
ਉਨ੍ਹਾਂ ਅੱਗੇ ਕਿਹਾ ਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਨਾ ਹੀ ਪੁਲਿਸ ਕੋਲ ਅਜਿਹੀ ਜਾਣਕਾਰੀ ਹੈ। "ਜੇਕਰ ਪ੍ਰਤਾਪ ਬਾਜਵਾ ਕੋਲ ਇਹ ਖ਼ੁਫ਼ੀਆ ਜਾਣਕਾਰੀ ਹੈ, ਤਾਂ ਇਹ ਅੱਤਵਾਦੀਆਂ ਅਤੇ ਪਾਕਿਸਤਾਨ ਦੀ ਆਈਐਸਆਈ - ਪਿਛਲੇ ਗ੍ਰਨੇਡ ਧਮਾਕਿਆਂ ਲਈ ਜ਼ਿੰਮੇਵਾਰ ਏਜੰਸੀ ਨਾਲ ਉਨ੍ਹਾਂ ਸਬੰਧਾਂ ਬਾਰੇ ਗੰਭੀਰ ਸ਼ੱਕ ਪੈਦਾ ਕਰਦੀ ਹੈ। ਬਾਜਵਾ ਦਾ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ, ਜਿਨ੍ਹਾਂ ਨੇ ਉਨ੍ਹਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਨਾਲ ਸਹਿਯੋਗ ਨਾ ਕਰਨਾ ਵੀ ਡੂੰਘਾ ਸ਼ੱਕ ਪੈਦਾ ਕਰਦਾ ਹੈ।
ਅਰੋੜਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿੱਚ ਬੰਬ ਨਾਲ ਸਬੰਧਿਤ ਕੋਈ ਘਟਨਾ ਵਾਪਰਦੀ ਹੈ, ਤਾਂ ਸਿੱਧੇ ਤੌਰ 'ਤੇ ਬਾਜਵਾ ਉਸ ਦੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ "ਜੇਕਰ ਤੁਹਾਨੂੰ 32 ਗ੍ਰਨੇਡਾਂ ਦੀ ਮੌਜੂਦਗੀ ਬਾਰੇ ਪਤਾ ਹੈ, ਤਾਂ ਤੁਹਾਨੂੰ ਉਨ੍ਹਾਂ ਦੀ ਲੋਕੇਸ਼ਨ ਅਤੇ ਟਾਰਗੇਟ ਵੀ ਪਤਾ ਹੋਣਾ ਚਾਹੀਦਾ ਹੈ। ਜਾਂ ਤਾਂ ਇਹ ਜਾਣਕਾਰੀ ਪੁਲਿਸ ਨਾਲ ਸਾਂਝੀ ਕਰੋ ਜਾਂ ਆਪਣੀ ਘਟਦੀ ਰਾਜਨੀਤਿਕ ਪ੍ਰਸੰਗਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਬੇਚੈਨ ਕੋਸ਼ਿਸ਼ ਵਿੱਚ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣਾ ਬੰਦ ਕਰੋ।"
ਉਨ੍ਹਾਂ ਬਾਜਵਾ ਨੂੰ ਬੇਬੁਨਿਆਦ ਟਿੱਪਣੀਆਂ ਨਾਲ ਡਰ ਫੈਲਾਉਣ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਲਈ ਵੀ ਕਿਹਾ। ਉਨ੍ਹਾਂ ਕਿਹਾ "ਅਜਿਹੇ ਬਿਆਨਾਂ ਰਾਹੀਂ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਬਾਜਵਾ ਨੂੰ ਪੂਰੇ ਸੂਬੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।"
ਅਰੋੜਾ ਨੇ ਜਨਤਾ ਨੂੰ ਬਾਜਵਾ ਦੇ ਪਿਛਲੇ ਵਿਵਾਦਪੂਰਨ ਬਿਆਨ ਦੀ ਯਾਦ ਦਿਵਾਈ ਜਿੱਥੇ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਭੰਗ ਕਰਨ ਦੀ ਮੰਗ ਕੀਤੀ ਸੀ, ਇਸ ਨੂੰ ਭ੍ਰਿਸ਼ਟ ਦੱਸਿਆ ਸੀ। ਉਨ੍ਹਾਂ ਕਿਹਾ "ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਅੱਤਵਾਦ ਦਾ ਖ਼ਾਤਮਾ ਕੀਤਾ ਅਤੇ ਹਿੰਸਕ ਹਮਲਿਆਂ 'ਤੇ ਤੇਜ਼ੀ ਨਾਲ ਕਾਰਵਾਈ ਕੀਤੀ। ਹਾਲ ਹੀ ਵਿੱਚ, ਜਦੋਂ ਮਨੋਰੰਜਨ ਕਾਲੀਆ ਦੇ ਘਰ 'ਤੇ ਹਮਲਾ ਹੋਇਆ ਸੀ, ਤਾਂ ਪੰਜਾਬ ਪੁਲਿਸ ਨੇ 12 ਘੰਟਿਆਂ ਦੇ ਅੰਦਰ ਸਾਰੇ ਦੋਸ਼ੀਆਂ ਨੂੰ ਫੜ ਲਿਆ ਸੀ।"
ਅਰੋੜਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸੋਨੀਆ ਗਾਂਧੀ ਨੂੰ ਲਿਖੇ 11 ਸਾਲ ਪੁਰਾਣੇ ਪੱਤਰ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਕੈਪਟਨ ਨੇ ਬਾਜਵਾ ਦੇ ਅੱਤਵਾਦੀਆਂ ਅਤੇ ਨਸ਼ਾ ਤਸਕਰਾਂ ਨਾਲ ਸਬੰਧਾਂ ਦਾ ਦੋਸ਼ ਲਗਾਇਆ ਸੀ। "ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਤਾਪ ਬਾਜਵਾ ਵਿਰੁੱਧ ਅਜਿਹੇ ਦੋਸ਼ ਸਾਹਮਣੇ ਆਏ ਹਨ। ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਦਾਅਵਿਆਂ ਅਤੇ ਸਬੰਧਾਂ ਬਾਰੇ ਖੁੱਲ੍ਹ ਕੇ ਦੱਸਣ।
Get all latest content delivered to your email a few times a month.