ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਿਆਂ ਦੇ ਵਿਰੁੱਧ ਕਾਰਵਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਨਵੀਂ ਰਣਨੀਤੀ ਅਪਣਾਈ ਗਈ ਹੈ। ਇਸ ਰਣਨੀਤੀ ਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਦੋ “Special Striking Squads” ਦਾ ਗਠਨ ਕੀਤਾ ਗਿਆ ਹੈ। SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਨੇ ਦੋ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਇਸ ਦੀ ਸ਼ੁਰੂਆਤ ਕੀਤੀ। ਇਹ ਵਾਹਨ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਲੰਬੀ ਇਲਾਕਿਆਂ ਵਿੱਚ ਨਸ਼ਿਆਂ ਦੀ ਤਸਕਰੀ, ਵਿਕਰੀ ਅਤੇ ਇਸ ਨਾਲ ਸਬੰਧਿਤ ਗਤੀਵਿਧੀਆਂ ਤੇ ਨਜ਼ਰ ਰੱਖਣਗੇ। ਇਹ ਟੀਮਾਂ ਨਸ਼ੇ ਦੀ ਪਹੁੰਚ, ਵੰਡ ਅਤੇ ਤਸਕਰਾਂ ਦੇ ਨੈੱਟਵਰਕ ਨੂੰ ਨੱਥ ਪਾਉਣ ਲਈ ਦਿਨ-ਰਾਤ ਮਿਹਨਤ ਕਰਨਗੀਆਂ। ਇਨ੍ਹਾਂ ਵਾਹਨਾਂ ਵਿੱਚ ਲੱਗੇ ਕੈਮਰੇ, ਜੀ.ਪੀ.ਐਸ. ਸਿਸਟਮ ਅਤੇ ਰੈਪਿਡ ਐਕਸ਼ਨ ਲਈ ਲੋੜੀਂਦੇ ਸਾਜੋ-ਸਮਾਨ ਟੀਮ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਯੋਗ ਬਣਾਉਣਗੇ। SSP ਸਾਹਿਬ ਨੇ ਇਹ ਵੀ ਦੱਸਿਆ ਕਿ ਜੋ ਵੀ ਨਾਗਰਿਕ ਨਸ਼ਿਆਂ ਦੀ ਜਾਣਕਾਰੀ 80545-03030 ਨੰਬਰ ਤੇ ਦੇਵੇਗਾ, ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਹ ਦੋਵੇਂ ਵਿਸ਼ੇਸ਼ ਟੀਮਾਂ ਕਿਸੇ ਵੀ ਖਾਸ ਘਟਨਾ ਜਾਂ ਸੂਚਨਾ ਤੇ ਤੁਰੰਤ ਰੈਸਪੌਂਡ ਕਰਨ ਲਈ ਤਿਆਰ ਰਹਿਣਗੀਆਂ। ਇਨ੍ਹਾਂ ਦਾ ਮੁੱਖ ਉਦੇਸ਼ ਨਸ਼ਿਆਂ ਦੀ ਸਪਲਾਈ ਨੈੱਟਵਰਕ ਨੂੰ ਪੂਰੀ ਤਰ੍ਹਾਂ ਤੋੜਣਾ ਹੈ। ਇਹ ਟੀਮਾਂ ਗਲੀ-ਮੁਹੱਲਿਆਂ ਵਿੱਚ ਨਿਗਰਾਨੀ ਰੱਖਣਗੀਆਂ। ਇਨ੍ਹਾਂ ਸਕੁਐਡਜ਼ ਨੂੰ ਪੁਲਿਸ ਦੇ ਇਲੈਕਟ੍ਰੋਨਿਕ ਇਨਪੁਟ ਸਿਸਟਮ, ਖੁਫੀਆ ਜਾਣਕਾਰੀਆਂ ਅਤੇ ਲੋਕਾਂ ਵੱਲੋਂ ਮਿਲਦੀਆਂ ਸੂਚਨਾਵਾਂ ਦੇ ਅਧਾਰ ਤੇ ਗਤੀਸ਼ੀਲਤਾ ਦਿੱਤੀ ਗਈ ਹੈ। SSS ਟੀਮਾਂ ਸਿਰਫ ਗ੍ਰਿਫਤਾਰੀ ਜਾਂ ਰਿਕਵਰੀ ਕਰਕੇ ਹੀ ਨਹੀਂ, ਸਗੋਂ ਨਸ਼ਾ ਛੁਡਾਊ ਕੇਂਦਰਾਂ, ਮੁੜ ਵਸੇਬੇ ਦੀਆਂ ਸੇਵਾਵਾਂ ਤੱਕ ਪਹੁੰਚ ਬਣਾਉਣ ਵਿੱਚ ਵੀ ਨਸ਼ਾ ਪ੍ਰਭਾਵਿਤ ਵਿਅਕਤੀਆਂ ਦੀ ਮਦਦ ਕਰਨਗੀਆਂ। ਇਸ ਨਾਲ ਨਸ਼ਿਆਂ ਦੀ ਸਪਲਾਈ ਰੁਕਣ ਦੇ ਨਾਲ-ਨਾਲ ਨਵੇਂ ਜੀਵਨ ਵੱਲ ਕਦਮ ਚੁੱਕਣ ਵਾਲਿਆਂ ਦੀ ਵੀ ਹੌਸਲਾ ਅਫਜ਼ਾਈ ਹੋਵੇਗੀ।
ਇਹ ਦੋ ਟੀਮਾਂ ਵਿੱਚੋਂ ਇੱਕ ਟੀਮ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਸਬ-ਡਵੀਜ਼ਨ ਜਦਕਿ ਦੂਜੀ ਟੀਮ ਮਲੋਟ ਅਤੇ ਲੰਬੀ ਸਬ-ਡਵੀਜ਼ਨ ਵਿੱਚ ਕੰਮ ਕਰੇਗੀ। ਹਰੇਕ ਟੀਮ ਵਿੱਚ 05 ਤਜਰਬੇਕਾਰ ਪੁਲਿਸ ਅਧਿਕਾਰੀ ਹੋਣਗੇ ਜੋ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਡਿਊਟੀ ਕਰਣਗੇ। ਇਹ ਟੀਮਾਂ SSP ਸ੍ਰੀ ਮੁਕਤਸਰ ਸਾਹਿਬ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਦੀਆਂ ਹਨ ਤਾਂ ਜੋ ਹਰ ਪਾਸੇ ਤੋਂ ਤੁਰੰਤ ਕਾਰਵਾਈ ਹੋ ਸਕੇ। ਇਨ੍ਹਾਂ ਟੀਮਾਂ ਨੂੰ ਵਿਸ਼ੇਸ਼ ਤੌਰ ਤੇ ਨਸ਼ਿਆਂ ਦੀ ਸਪਲਾਈ, ਨੈੱਟਵਰਕਿੰਗ ਅਤੇ ਉਨ੍ਹਾਂ ਦੇ ਟਿਕਾਣਿਆਂ ਤੇ ਨਿਗਰਾਨੀ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਹ ਟੀਮਾਂ ਰੋਜ਼ਾਨਾ ਤੌਰ ਤੇ ਗਰਾਊਂਡ ਰਿਪੋਰਟ SSP ਨੂੰ ਦਿੰਦੀਆਂ ਹਨ, ਜਿਸ ਨਾਲ ਕਾਰਵਾਈ ਹੋਰ ਸੁਚੱਜੀ ਬਣੀ ਰਹੇਗੀ ।
SP ਡਾ. ਅਖਿਲ ਚੌਧਰੀ ਆਈ.ਪੀ.ਐਸ. ਵੱਲੋਂ ਨਾਗਰਿਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਨਿਸ਼ਚਿੰਤ ਹੋ ਕੇ ਨਸ਼ਿਆਂ ਦੀ ਕਿਸੇ ਵੀ ਗਤੀਵਿਧੀ ਜਾਂ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ 80545-03030 ‘ਤੇ ਸਾਂਝੀ ਕਰਨ। ਉਹਨਾਂ ਕਿਹਾ ਕਿ ਇਹ ਨੰਬਰ ਮੇਰੀ ਨਿਗਰਾਨੀ ਹੇਠ ਹੈ। ਜੋ ਵੀ ਵਿਅਕਤੀ ਜਾਣਕਾਰੀ ਦੇਵੇਗਾ, ਉਸ ਦੀ ਪਛਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। SSP ਨੇ ਇਹ ਵੀ ਕਿਹਾ ਕਿ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਅਤੇ ਪੁਲਿਸ ਲੋਕਾਂ ਦੀ ਹਿਮਤ ਅਤੇ ਸਹਿਯੋਗ ਨਾਲ ਹੀ ਨਸ਼ਿਆਂ ਦੇ ਵਿਰੁੱਧ ਇਸ ਜੰਗ ਨੂੰ ਜਿੱਤ ਸਕਦੀ ਹੈ।
ਨਸ਼ਾ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦੀਆਂ ਜੜਾਂ ਨੂੰ ਕਮਜ਼ੋਰ ਕਰਦਾ ਹੈ। ਨਸ਼ਿਆਂ ਵਿਰੁੱਧ ਇਹ ਜੰਗ ਸਿਰਫ ਪੁਲਿਸ ਦੀ ਨਹੀਂ, ਸਗੋਂ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਆਓ, ਹਰ ਮਾਂ-ਪਿਓ, ਨੌਜਵਾਨ, ਅਧਿਆਪਕ, ਅਤੇ ਸਮਾਜ ਸੇਵੀ ਆਪਣਾ ਰੋਲ ਨਿਭਾਏ। ਅਸੀਂ ਮਿਲ ਕੇ ਨਸ਼ਿਆਂ ਨੂੰ ਜਿੱਤ ਸਕਦੇ ਹਾਂ, ਜੇਕਰ ਤੁਸੀਂ ਸਾਡੇ ਨਾਲ ਖੜੇ ਹੋ। ਇਹ ਲੜਾਈ ਉਮੀਦ ਦੀ ਲੜਾਈ ਹੈ, ਇੱਕ ਨਸ਼ਾਮੁਕਤ, ਸੁਚੱਜੇ ਭਵਿੱਖ ਵੱਲ ਪਹਿਲ ਕਦਮ ਚੁੱਕੀਏ।
Get all latest content delivered to your email a few times a month.