IMG-LOGO
ਹੋਮ ਚੰਡੀਗੜ੍ਹ: 🟠*'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜਲੰਧਰ ਗ੍ਰਨੇਡ ਹਮਲੇ ਦਾ...

🟠*'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜਲੰਧਰ ਗ੍ਰਨੇਡ ਹਮਲੇ ਦਾ ਰਾਜਨੀਤੀਕਰਨ ਕਰਨ ਲਈ ਭਾਜਪਾ ਦੀ ਕੀਤੀ ਨਿੰਦਾ*

Admin User - Apr 08, 2025 07:09 PM
IMG

*ਭਾਜਪਾ ਦੀ ਕੇਂਦਰ ਸਰਕਾਰ ਲਾਰੈਂਸ ਬਿਸ਼ਨੋਈ ਨੂੰ ਬਚਾ ਰਹੀ ਹੈ, ਜੋ ਆਈਐਸਆਈ ਨਾਲ ਮਿਲ ਕੇ ਪੰਜਾਬ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ: ਅਮਨ ਅਰੋੜਾ*


ਚੰਡੀਗੜ੍ਹ, 8 ਅਪ੍ਰੈਲ- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ 'ਤੇ ਹੋਏ ਗ੍ਰਨੇਡ ਹਮਲੇ ਦਾ ਰਾਜਨੀਤੀਕਰਨ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ। ਅੱਜ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ 'ਤੇ ਲਗਾਏ ਗਏ ਬੇਬੁਨਿਆਦ ਦੋਸ਼ਾਂ ਦੀ ਨਿੰਦਾ ਕੀਤੀ, ਉਨ੍ਹਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ।


ਅਰੋੜਾ ਨੇ ਮਾਮਲੇ ਦੀ ਜਾਂਚ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਤੇਜ਼ ਕਾਰਵਾਈ ਦਾ ਵੇਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ ਦੇ 12 ਘੰਟਿਆਂ ਦੇ ਅੰਦਰ, ਪੁਲਿਸ ਨੇ ਦੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਹਮਲੇ ਦਾ ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਸੀ। ਅਰੋੜਾ ਨੇ ਕਿਹਾ, "ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਹ ਮਿਸਾਲੀ ਕਾਰਵਾਈ ਉਨ੍ਹਾਂ ਦੀ ਪੇਸ਼ੇਵਰਤਾ ਅਤੇ ਪੰਜਾਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।"


ਉਨ੍ਹਾਂ ਸੁਨੀਲ ਜਾਖੜ 'ਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਭੰਗ ਹੋਣ ਦਾ ਝੂਠਾ ਦੋਸ਼ ਲਗਾ ਕੇ ਪੰਜਾਬ ਸਰਕਾਰ ਅਤੇ ਇਸ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਅਰੋੜਾ ਨੇ ਕਿਹਾ "ਇਹ ਸ਼ਰਮਨਾਕ ਹੈ ਕਿ ਪੁਲਿਸ ਦੀ ਤੇਜ਼ ਅਤੇ ਕੁਸ਼ਲ ਕਾਰਵਾਈ ਦੀ ਸ਼ਲਾਘਾ ਕਰਨ ਦੀ ਬਜਾਏ, ਜਾਖੜ ਨੇ ਛੋਟੇ ਸਿਆਸੀ ਲਾਭ ਲਈ ਬੇਬੁਨਿਆਦ ਪ੍ਰਚਾਰ ਕਰਨਾ ਚੁਣਿਆ," ।


'ਆਪ' ਨੇਤਾ ਨੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਘਟਨਾਵਾਂ ਦਾ ਰਾਜਨੀਤੀਕਰਨ ਕਰਨ ਦੇ ਭਾਜਪਾ ਦੇ ਪੈਟਰਨ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਅਜਿਹੇ ਬਿਆਨਾਂ ਪਿੱਛੇ ਜਾਖੜ ਦੀ ਨੀਯਤ 'ਤੇ ਸਵਾਲ ਉਠਾਏ ਅਤੇ ਭਾਜਪਾ 'ਤੇ ਪੰਜਾਬ ਦੇ ਮਾਣ-ਸਨਮਾਨ ਨੂੰ ਵਾਰ-ਵਾਰ ਢਾਹ ਲਾਉਣ ਦਾ ਦੋਸ਼ ਲਗਾਇਆ। ਅਰੋੜਾ ਨੇ ਕਿਹਾ, "ਭਾਜਪਾ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਹੈ ਜਾਂ ਉਨ੍ਹਾਂ ਦੇ ਵਿਰੁੱਧ।ਉਨ੍ਹਾਂ ਵੱਲੋਂ ਸੂਬੇ ਦੀ ਲਗਾਤਾਰ ਬਦਨਾਮੀ ਪੰਜਾਬ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਭੈੜੀ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦੀ ਹੈ।"


ਅਰੋੜਾ ਨੇ ਲਾਰੈਂਸ ਬਿਸ਼ਨੋਈ ਨਾਲ ਭਾਜਪਾ ਦੇ ਕਥਿਤ ਸਬੰਧਾਂ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਅਰੋੜਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਸੀਆਰਪੀਸੀ ਦੀ ਧਾਰਾ 268(1) ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਰਹੇ, ਜਿੱਥੇ ਉਹ ਸਜ਼ਾ ਤੋਂ ਬਿਨਾਂ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਹੈ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਿੱਧੀ ਨਿਗਰਾਨੀ ਹੇਠ ਹੋਣ ਦੇ ਬਾਵਜੂਦ, ਬਿਸ਼ਨੋਈ ਨੂੰ ਖੁੱਲ੍ਹ ਕੇ ਧਮਕੀਆਂ ਦੇਣ ਅਤੇ ਅਪਰਾਧਾਂ ਨੂੰ ਅੰਜਾਮ ਦੇਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਨਾਲ ਭਾਜਪਾ ਦੀ ਨੀਅਤ ਅਤੇ ਜਵਾਬਦੇਹੀ 'ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।


ਅਰੋੜਾ ਨੇ ਕਿਹਾ, "ਜ਼ੀਸ਼ਾਨ ਅਖ਼ਤਰ, ਜਿਸ ਦਾ ਨਾਮ ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ। ਜ਼ੀਸ਼ਾਨ ਅਖ਼ਤਰ ਉਹੀ ਵਿਅਕਤੀ ਹੈ ਜਿਸ ਦਾ ਬਾਬਾ ਸਿੱਦੀਕੀ ਦੇ ਕਤਲ ਵਿੱਚ ਨਾਂ ਸੀ ਅਤੇ ਹੁਣ ਇੱਕ ਵਾੰਟੇਡ ਅਪਰਾਧੀ ਹੈ। ਇਸ ਤੋਂ ਇਲਾਵਾ, ਪਿਛਲੇ ਮਹੀਨੇ 16 ਮਾਰਚ ਨੂੰ ਹੀ ਜਲੰਧਰ ਸਥਿਤ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਹਮਲਾ ਹੋਇਆ ਸੀ, ਅਤੇ ਇਸ ਹਮਲੇ ਨੂੰ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਸੀ। ਭੱਟੀ ਨੇ ਹਮਲੇ ਦੀ ਸਾਜ਼ਿਸ਼ ਰਚਣ ਲਈ ਜ਼ੀਸ਼ਾਨ ਅਖ਼ਤਰ ਦਾ ਜਨਤਕ ਤੌਰ 'ਤੇ ਧੰਨਵਾਦ ਕੀਤਾ। ਪਾਕਿਸਤਾਨ ਦੀ ਆਈਐਸਆਈ ਦੇ ਪ੍ਰਭਾਵ ਹੇਠ ਕੰਮ ਕਰਨ ਵਾਲਾ ਸ਼ਹਿਜ਼ਾਦ ਭੱਟੀ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਸ਼ਹਿਜ਼ਾਦ ਭੱਟੀ ਅਤੇ ਲਾਰੈਂਸ ਬਿਸ਼ਨੋਈ ਵਿਚਕਾਰ ਇੱਕ ਵੀਡੀਓ ਕਾਨਫ਼ਰੰਸ ਦੇ ਦਸਤਾਵੇਜ਼ੀ ਸਬੂਤ ਹਨ, ਜੋ ਹਾਲ ਹੀ ਵਿੱਚ ਸਾਹਮਣੇ ਆਏ ਹਨ। ਇਹ ਸਬੰਧ ਸਪੱਸ਼ਟ ਤੌਰ 'ਤੇ ਜ਼ੀਸ਼ਾਨ ਅਖ਼ਤਰ, ਸ਼ਹਿਜ਼ਾਦ ਭੱਟੀ ਅਤੇ ਲਾਰੈਂਸ ਬਿਸ਼ਨੋਈ ਵਿਚਕਾਰ ਗੱਠਜੋੜ ਨੂੰ ਦਰਸਾਉਂਦੇ ਹਨ, ਅਤੇ ਬਿਸ਼ਨੋਈ ਨੂੰ ਭਾਜਪਾ ਦੀ ਸਰਪ੍ਰਸਤੀ ਮਿਲੀ ਹੋਈ ਹੈ।"


ਅਮਨ ਅਰੋੜਾ ਨੇ ਸਵਾਲ ਕੀਤਾ, “ਜੇਕਰ ਭਾਜਪਾ ਆਗੂ ਪੰਜਾਬ ਦੀ ਸੁਰੱਖਿਆ ਦੀ ਪ੍ਰਵਾਹ ਕਰਨ ਦਾ ਦਾਅਵਾ ਕਰਦੇ ਹਨ, ਤਾਂ ਬਿਸ਼ਨੋਈ ਵਰਗੇ ਖ਼ਤਰਨਾਕ ਅਪਰਾਧੀ ਨੂੰ ਗੁਜਰਾਤ ਵਿੱਚ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈਆਂ ਕਰਨ ਦੀ ਬਜਾਏ ਕਿਉਂ ਬਚਾਇਆ ਜਾ ਰਿਹਾ ਹੈ?” ਅਰੋੜਾ ਨੇ ਭਾਜਪਾ 'ਤੇ ਦੋਸ਼ ਲਗਾਇਆ ਕਿ ਉਹ ਸਿਆਸੀ ਫ਼ਾਇਦੇ ਲਈ ਅਪਰਾਧੀਆਂ ਨੂੰ ਬਚਾ ਰਹੀ ਹੈ ਅਤੇ ਬੇਬੁਨਿਆਦ ਦੋਸ਼ਾਂ ਨਾਲ ਪੰਜਾਬ ਦੀ ਛਵੀ ਨੂੰ ਖ਼ਰਾਬ ਕਰ ਰਹੀ ਹੈ।


ਅਮਨ ਅਰੋੜਾ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੌਰਾਨ ਹੋਏ ਕਤਲਾਂ,ਹਾਈ-ਪ੍ਰੋਫਾਈਲ ਅਪਰਾਧਾਂ ਅਤੇ ਕਾਨੂੰਨ ਵਿਵਸਥਾ ਦੀਆਂ ਅਸਫਲਤਾਵਾਂ ਦੀ ਲੜੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਆਰਐਸਐਸ ਨੇਤਾ ਰਵਿੰਦਰ ਗੋਸਾਈ ਅਤੇ ਜਗਦੀਸ਼ ਗਗਨੇਜਾ ਦੀ ਹੱਤਿਆ, ਪਾਦਰੀ ਸੁਲਤਾਨ ਮਸੀਹ ਦੀ ਹੱਤਿਆ, ਰਣਜੀਤ ਸਿੰਘ ਢੱਡਰੀਆਂ 'ਤੇ ਹਮਲਾ, ਡੇਰਾ ਸੱਚਾ ਸੌਦਾ ਦੇ ਦੋ ਪੈਰੋਕਾਰਾਂ ਸਤਪਾਲ ਅਤੇ ਉਨ੍ਹਾਂ ਦੇ ਪੁੱਤਰ ਰਮੇਸ਼ ਦੀ ਹੱਤਿਆ, ਆਰਐਸਐਸ ਵਲੰਟੀਅਰ ਨਰੇਸ਼ ਕੁਮਾਰ 'ਤੇ ਹਮਲਾ, ਹਿੰਦੂ ਤਖ਼ਤ ਦੇ ਮੁਖੀ ਅਮਿਤ ਸ਼ਰਮਾ ਦੀ ਦਿਨ-ਦਿਹਾੜੇ ਹੱਤਿਆ, ਮਾਤਾ ਚੰਦ ਕੌਰ ਦੀ ਹੱਤਿਆ ਆਦਿ ਵਰਗੇ ਮਹੱਤਵਪੂਰਨ ਮਾਮਲੇ ਹਨ। “ਅਕਾਲੀ-ਭਾਜਪਾ ਅਤੇ ਕਾਂਗਰਸ ਦੋਵੇਂ ਸਰਕਾਰਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀਆਂ। ਅਰੋੜਾ ਨੇ ਕਿਹਾ ਅਪਰਾਧੀਆਂ ਅਤੇ ਸਾਜ਼ਿਸ਼ਕਾਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਉਨ੍ਹਾਂ ਦੀ ਅਸਮਰੱਥਾ ਉਨ੍ਹਾਂ ਦੀ ਲਾਪਰਵਾਹੀ ਅਤੇ ਇੱਛਾ ਸ਼ਕਤੀ ਦੀ ਘਾਟ ਨੂੰ ਦਰਸਾਉਂਦੀ ਹੈ,”। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਅਸੁਰੱਖਿਆ ਅਤੇ ਸਜ਼ਾ ਤੋਂ ਛੋਟ ਦਾ ਮਾਹੌਲ ਪੈਦਾ ਕੀਤਾ ਸੀ,'ਆਪ' ਦੀ ਅਗਵਾਈ ਹੇਠ, ਭਗਵੰਤ ਮਾਨ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਲਈ ਫੈਸਲਾਕੁੰਨ ਕਦਮ ਚੁੱਕੇ ਹਨ।


ਜਾਖੜ ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ, ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਨੇ ਅਪਰਾਧ ਨੂੰ ਕੰਟਰੋਲ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਹਾਲੀਆ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਨੂੰ ਦੁਹਰਾਇਆ।


ਅਰੋੜਾ ਨੇ ਜਾਖੜ ਵਰਗੇ ਭਾਜਪਾ ਆਗੂਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਆਪਣੇ ਰਾਜਨੀਤਿਕ ਏਜੰਡੇ ਨਾਲੋਂ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਅਜਿਹੇ ਸੰਵੇਦਨਸ਼ੀਲ ਮੁੱਦਿਆਂ ਲਈ ਸਾਰੀਆਂ ਧਿਰਾਂ ਦੇ ਸਹਿਯੋਗ ਅਤੇ ਸਮਰਥਨ ਦੀ ਲੋੜ ਹੁੰਦੀ ਹੈ, ਨਾ ਕਿ ਗੈਰ-ਜ਼ਿੰਮੇਵਾਰਾਨਾ ਦੋਸ਼ਾਂ ਅਤੇ ਰਾਜਨੀਤਿਕ ਲਾਭ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੀ।"

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.