ਤਾਜਾ ਖਬਰਾਂ
ਮੋਹਾਲੀ, 8 ਅਪਰੈਲ: ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੇ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ "ਸਿੱਖਿਆ ਕ੍ਰਾਂਤੀ" ਦੇ ਨਾਂ 'ਤੇ ਕਰਵਾਏ ਗਏ ਇੱਕ ਸਮਾਗਮ ਵਿੱਚ ਅਧਿਆਪਕਾਂ ਨਾਲ ਕੀਤੇ ਗਏ ਅਭੱਦਰ ਵਿਵਹਾਰ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਜੋ ਅਧਿਆਪਕ ਰੋਜ਼ਾਨਾ ਮਿਹਨਤ ਕਰਕੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਸਹੀ ਰਸਤਾ ਦਿਖਾ ਰਹੇ ਹਨ ਅਤੇ ਉਹਨਾਂ ਦਾ ਭਵਿੱਖ ਰੋਸ਼ਨ ਕਰਨ ਲਈ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਵੱਲੋਂ ਜਨਤਕ ਤੌਰ 'ਤੇ ਬੇਇੱਜਤ ਕੀਤਾ ਗਿਆ।
ਉਹਨਾਂ ਦਾਅਵਾ ਕੀਤਾ ਕਿ ਸਮਾਗਮ ਦੌਰਾਨ ਮੰਤਰੀ ਨੇ ਸਟੇਜ ਤੋਂ ਮਾਈਕ 'ਤੇ ਬੋਲਦੇ ਹੋਏ ਨਾ ਸਿਰਫ ਬੱਚਿਆਂ ਨੂੰ ਡਾਂਟਿਆ, ਬਲਕਿ ਅਧਿਆਪਕਾਂ ਨੂੰ ਵੀ ਬਹੁਤ ਹੀ ਅਪਮਾਨਜਨਕ ਸ਼ਬਦਾਂ ਵਿੱਚ ਫਟਕਾਰਿਆ। ਮੰਤਰੀ ਦੇ ਸ਼ਬਦ "ਤੁਸੀਂ ਕੀ ਪੜ੍ਹਾਉਂਦੇ ਹੋਵੋਗੇ?", "ਸਾਰੇ ਅਧਿਆਪਕਾਂ ਦੀ ਸ਼ਿਕਾਇਤ ਅੱਜ ਹੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਭੇਜਾਂਗਾ" ਵਰਗੇ ਬਿਆਨ ਨਾ ਸਿਰਫ ਬੇਲੋੜੀਂਦੇ ਸਨ, ਸਗੋਂ ਸਾਰੇ ਸਿੱਖਿਆ ਤੰਤਰ ਦੀ ਬੇਇਜ਼ਤੀ ਹਨ।
ਡਿਪਟੀ ਮੇਅਰ ਬੇਦੀ ਨੇ ਮੰਗ ਕੀਤੀ ਕਿ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੂੰ ਆਪਣੇ ਘਟੀਆ ਅਤੇ ਅਸੰਵੇਦਨਸ਼ੀਲ ਵਿਵਹਾਰ ਲਈ ਜਨਤਕ ਤੌਰ 'ਤੇ ਅਧਿਆਪਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦੀ ਬੇਇਜ਼ਤੀ, ਸਾਰੇ ਸਮਾਜ ਦੇ ਮਾਣ ਨੂੰ ਠੇਸ ਪਹੁੰਚਾਉਂਦੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਮਾਗਮ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਮੰਤਰੀ ਦੇ ਵਿਵਹਾਰ ਨੂੰ ਸਾਫ਼ ਦੇਖਿਆ ਤੇ ਸੁਣਿਆ ਜਾ ਸਕਦਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਮੰਤਰੀ ਦਾ ਪੁਰਾਣਾ ਰਿਕਾਰਡ ਵੀ ਇਹੀ ਰਿਹਾ ਹੈ ਕਿ ਆਪਣੇ ਵਿਭਾਗਾਂ ਅਧੀਨ ਅਧਿਕਾਰੀਆਂ ਦੀ ਇਹ ਸਰੇਆਮ ਬੇਇਜ਼ਤੀ ਕਰਦਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ।
Get all latest content delivered to your email a few times a month.