IMG-LOGO
ਹੋਮ ਪੰਜਾਬ: ਲਾਲ ਚੰਦ ਕਟਾਰੂਚੱਕ ਨੇ ਰਾਜਪੁਰਾ ਅਨਾਜ ਮੰਡੀ ਤੋਂ ਰਾਜ ‘ਚ...

ਲਾਲ ਚੰਦ ਕਟਾਰੂਚੱਕ ਨੇ ਰਾਜਪੁਰਾ ਅਨਾਜ ਮੰਡੀ ਤੋਂ ਰਾਜ ‘ਚ ਕਣਕ ਦੀ ਸਰਕਾਰੀ ਖਰੀਦ ਦੀ ਕਰਵਾਈ ਸ਼ੁਰੂਆਤ

Admin User - Apr 03, 2025 06:29 PM
IMG

-ਪੰਜਾਬ ਕੋਲ 28894 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਉਪਲਬਧ, 2425 ਰੁਪਏ ਦੀ ਐਮ.ਐਸ.ਪੀ. ‘ਤੇ ਹੋਵੇਗੀ ਕਣਕ ਦੀ ਖਰੀਦ -ਕਟਾਰੂਚੱਕ 

ਰਾਜਪੁਰਾ, 3 ਅਪ੍ਰੈਲ:ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈਜ ਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਰਾਜਪੁਰਾ ਅਨਾਜ ਮੰਡੀ ਵਿਖੇ ਰਾਜ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ।

ਇਸ ਮੌਕੇ  ਕਟਾਰੂਚੱਕ ਨੇ ਪਿੰਡ ਭੱਪਲ ਦੇ ਕਿਸਾਨ ਹਰਵਿੰਦਰ ਸਿੰਘ ਵਲੋਂ ਮੰਡੀ ‘ਚ ਲਿਆਂਦੀ ਕਣਕ ਦੀ ਢੇਰੀ ਦੀ ਬੋਲੀ ਕਰਵਾਉਂਦਿਆਂ ਰਾਜ ਦੇ ਕਿਸਾਨਾਂ ਦਾ ਪੰਜਾਬ ਦੀਆਂ ਮੰਡੀਆਂ ਵਿੱਚ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਤਰਫ਼ੋਂ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਲ, ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਆਰ.ਬੀ.ਆਈ ਵਲੋਂ ਪੰਜਾਬ ਨੂੰ 28894 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਪ੍ਰਾਪਤ ਹੋਈ ਹੈ ਅਤੇ ਪੰਜਾਬ ਸਰਕਾਰ ਸੂਬੇ ਦੇ ਕਰੀਬ 8 ਲੱਖ ਕਿਸਾਨਾਂ ਦੀ ਕਣਕ ਦੀ ਜਿਣਸ ਦਾ ਇੱਕ-ਇੱਕ ਦਾਣਾ 2425 ਰੁਪਏ ਦੀ ਐਮ.ਐਸ.ਪੀ. ‘ਤੇ ਖ਼ਰੀਦ ਕਰੇਗੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 1865 ਮੰਡੀਆਂ ਤੋਂ ਇਲਾਵਾ ਲੋੜ ਪੈਣ ‘ਤੇ 600 ਆਰਜੀ ਖਰੀਦ ਕੇਂਦਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿੱਥੇ ਕਣਕ ਦੀ ਖਰੀਦ ਲਈ ਲੋੜੀਂਦੇ ਬਾਰਦਾਨੇ ਦੇ 5 ਲੱਖ ਗੱਟਿਆਂ ਦੇ ਪ੍ਰਬੰਧ ਵੀ ਮੁਕੰਮਲ ਹਨ।

 ਲਾਲ ਚੰਦ ਕਟਾਰੂਚੱਕ ਨੇ ਅੱਗੇ ਦੱਸਿਆ ਕਿ ਐਫ.ਸੀ.ਆਈ ਨੇ ਪੰਜਾਬ ਲਈ 124 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਇਸ ਵਾਰ ਰਾਜ ਵਿੱਚ ਕਣਕ ਦੀ ਬੰਪਰ ਫ਼ਸਲ ਦੀ ਸੰਭਾਵਨਾ ਹੈ ਜਿਸ ਕਰਕੇ ਇਹ ਟੀਚਾ ਸਹਿਜੇ ਹੀ ਪੂਰਾ ਕਰ ਲਿਆ ਜਾਵੇਗਾ।


ਕੈਬਨਿਟ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬਿਲਕੁਲ ਚੜ੍ਹਦੀਕਲਾ ‘ਚ ਆਪਣੀ ਫ਼ਸਲ ਮੰਡੀਆਂ ਵਿੱਚ ਲੈ ਕੇ ਆਉਣ ਅਤੇ ਸਰਕਾਰ ਇੱਕ-ਇੱਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਸਮੇਤ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਸਮੁੱਚਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਏਗਾ।


ਇਸ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ)ਨਵਰੀਤ ਕੌਰ ਸੇਖੋਂ, ਆੜਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਚੀਮਾ, ਆੜਤੀ ਐਸੋਸੀਏਸ਼ਨ ਜਿਲ੍ਹਾ ਪਟਿਆਲਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਪ੍ਰਧਾਨ ਅਨਾਜ ਮੰਡੀ ਦਵਿੰਦਰ ਸਿੰਘ ਵੈਦਵਾਨ ਸਮੇਤ ਹੋਰ ਪਤਵੰਤੇ ਮੌਜੂਦ ਸਨ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.