ਤਾਜਾ ਖਬਰਾਂ
ਪਟਿਆਲਾ ਦੇ ਰਾਜਪੁਰਾ ਵਿੱਚ ਪਹਿਲਾਂ ਵੀ ਕਈ ਵਾਰੀ ਨਕਲੀ ਪਨੀਰ ਦੇ ਤਸਕਰ ਕਾਬੂ ਕੀਤੇ ਗਏ ਹਨ ਪਰ ਇਹਨਾਂ ਵੱਲੋਂ ਨਕਲੀ ਪਨੀਰ ਦਾ ਕੰਮ ਲਗਾਤਾਰ ਜਾਰੀ ਹੈ। ਰਾਜਪੁਰਾ ਪੁਲਿਸ ਵੱਲੋਂ ਨਕਲੀ ਪਨੀਰ ਵੇਚਣ ਵਾਲਿਆਂ 'ਤੇ ਸਿਕੰਜਾ ਕੱਸਿਆ ਹੋਇਆ ਹੈ। ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਬਲੈਰੋ ਗੱਡੀ ਨੂੰ ਕਾਬੂ ਕਰਕੇ ਉਸ ਵਿੱਚੋਂ ਨਕਲੀ ਪਨੀਰ ਬਰਾਮਦ ਕਰਕੇ ਸਿਹਤ ਵਿਭਾਗ ਨੂੰ ਸੌਂਪ ਦਿੱਤਾ ਹੈ।
ਪੁਲਿਸ ਤੋਂ ਮਿਲੀ ਸੁਚਨਾ ‘ਤੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਟੀਮ ਪਟਿਆਲਾ, ਜਿਸ ਦੀ ਅਗਵਾਈ ਜ਼ਿਲ੍ਹਾ ਸਿਹਤ ਅਧਿਕਾਰੀ (DHO) ਡਾ. ਗੁਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਧਿਕਾਰੀ (FSO) ਇਸ਼ਾਨ ਬੰਸਲ ਨੇ ਕੀਤੀ। ਉਨ੍ਹਾਂ ਨੇ ਲਗਭਗ 1380 ਕਿੱਲੋਗ੍ਰਾਮ ਨਕਲੀ ਪਨੀਰ ਜ਼ਬਤ ਕਰਕੇ ਪੂਰੇ ਸਟਾਕ ਨੂੰ ਕਬਜ਼ੇ ਵਿੱਚ ਲੈ ਲਿਆ।
ਬਲੈਰੋ ਗੱਡੀ ਰਾਹੀਂ ਉਕਤ ਪਨੀਰ ਹਰਿਆਣਾ ਤੋਂ ਪੰਜਾਬ ਵਿੱਚ ਵਿਕਰੀ ਲਈ ਲਿਆਂਦਾ ਜਾ ਰਿਹਾ ਸੀ। ਇਹ ਗੱਡੀ ਪੁਲਿਸ ਪੋਸਟ ਕਸਤੂਰਬਾ ਚੌਂਕੀ, ਰਾਜਪੁਰਾ ‘ਤੇ ਰੋਕੀ ਗਈ, ਜਿਥੇ ਦੋ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ, ਜਦਕਿ ਬਾਕੀ 1378 ਕਿ.ਗ੍ਰਾ. ਪਨੀਰ ਜ਼ਬਤ ਕਰ ਲਿਆ ਗਿਆ। ਅਗਲੀ ਕਾਰਵਾਈ ਪਰਖ ਗੁਣਵੱਤਾ ਲੈਬ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਕੀਤੀ ਜਾਵੇਗੀ।
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਫੂਡ ਅਤੇ ਡਰੱਗਸ ਕਮਿਸ਼ਨਰ ਦਿਲਰਾਜ ਸਿੰਘ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੇ ਸਖ਼ਤ ਹੁਕਮਾਂ ਅਨੁਸਾਰ ਇਸ ਨਕਲੀ ਪਨੀਰ ਦੀ ਵਿਕਰੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨਕਲੀ ਖਾਦ ਪਦਾਰਥ ਵੇਚਣ ਵਾਲੇ ਅਪਰਾਧੀਆਂ ਵਿਰੁੱਧ ਜ਼ੀਰੋ ਟੋਲਰੈਂਸ ਪਾਲਸੀ ਅਪਣਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਲੋਕਾਂ ਦੀ ਸਿਹਤ ਦੀ ਰਾਖੀ ਕੀਤੀ ਜਾ ਸਕੇ।
Get all latest content delivered to your email a few times a month.