ਤਾਜਾ ਖਬਰਾਂ
ਨਸ਼ਿਆਂ ਵਿਰੁੱਧ ਸਮੁੱਚੇ ਸਮਾਜ ਨੂੰ ਹੋਣਾ ਪਵੇਗਾ ਇਕਜੁੱਟ, ਤਾਂ ਹੀ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਖਤਰੇ ਤੋਂ ਬਚਾ ਸਕਦੇ ਹਾਂ-ਸਿਸੋਦੀ
ਲੁਧਿਆਣਾ/ਚੰਡੀਗੜ੍ਹ, 2 ਅਪ੍ਰੈਲ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬੁੱਧਵਾਰ ਨੂੰ ਲੁਧਿਆਣਾ ਵਿੱਚ ਹਜ਼ਾਰਾਂ ਐਨਸੀਸੀ ਕੈਡਿਟਾਂ ਅਤੇ ਐਨਐਸਐਸ ਵਲੰਟੀਅਰਾਂ ਨੇ ਨਸ਼ਿਆਂ ਦਾ ਸੇਵਨ ਨਾ ਕਰਨ ਦੀ ਸਹੁੰ ਚੁੱਕੀ।
ਇਸ ਪ੍ਰੋਗਰਾਮ 'ਚ 'ਆਪ' ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਲੁਧਿਆਣਾ ਪੱਛਮੀ ਤੋਂ 'ਆਪ' ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਮੀਡੀਆ ਨੂੰ ਸੰਬੋਧਨ ਕੀਤਾ। ਸਿਸੋਦੀਆ ਨੇ ਕਿਹਾ ਕਿ ਹਜ਼ਾਰਾਂ ਬੱਚਿਆਂ ਵੱਲੋਂ ਨਸ਼ਾ ਨਾ ਕਰਨ ਦੀ ਸਹੁੰ ਚੁੱਕਣ ਨਾਲ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਹੋਰ ਬਲ ਮਿਲੇਗਾ। ਇਹ ਬਹੁਤ ਵੱਡਾ ਅਤੇ ਨਵਾਂ ਕਦਮ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਬੱਚਾ ਇਹ ਸਹੁੰ ਚੁੱਕ ਰਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਸ਼ਾ ਨਹੀਂ ਕਰੇਗਾ ਅਤੇ ਆਪਣੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਨਸ਼ੇ ਕਰਨ ਤੋਂ ਰੋਕੇਗਾ ਅਤੇ ਜੇਕਰ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਹ ਪੁਲਿਸ ਅਤੇ ਸਰਕਾਰ ਨੂੰ ਸੂਚਿਤ ਕਰੇਗਾ।
ਉਨ੍ਹਾਂ ਦੱਸਿਆ ਕਿ ਅੱਜ ਹਜ਼ਾਰਾਂ ਬੱਚਿਆਂ ਨੂੰ ਸਹੁੰ ਚੁਕਾਈ ਗਈ ਅਤੇ 15 ਹਜ਼ਾਰ ਦੇ ਕਰੀਬ ਬੱਚਿਆਂ ਨੇ ਲੁਧਿਆਣਾ ਦੀ ਮੰਡੀ ਵਿੱਚ ਜਾਗਰੂਕਤਾ ਮੁਹਿੰਮ ਚਲਾਈ। ਬੱਚਿਆਂ ਨੇ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਸਕੂਲਾਂ-ਕਾਲਜਾਂ ਵਿੱਚ ਪੜ੍ਹਣ ਵਾਲੇ ਬੱਚਿਆਂ ਨੂੰ ਸਿੱਖਿਆ ਦੀ ਚੋਣ ਕਰਨੀ ਚਾਹੀਦੀ ਹੈ ਨਾ ਕਿ ਨਸ਼ਿਆਂ ਦੀ।
ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦਾ ਕਾਰੋਬਾਰ ਨਹੀਂ ਸਗੋਂ ਮਿਹਨਤ ਦਾ ਕਾਰੋਬਾਰ ਚੁਣਨ ਲਈ ਤਿਆਰ ਕਰ ਰਹੇ ਹਾਂ। ਸਿਸੋਦੀਆ ਨੇ ਕਿਹਾ ਕਿ ਸਮੁੱਚੇ ਸਮਾਜ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣਾ ਪਵੇਗਾ, ਤਾਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਖਤਰੇ ਤੋਂ ਬਚਾ ਸਕਦੇ ਹਾਂ।
ਸਿਸੋਦੀਆ ਨੇ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ-ਪ੍ਰਸ਼ਾਸਨ ਵਲੋਂ ਕੀਤੀ ਗਈ ਸਖ਼ਤ ਕਾਰਵਾਈ ਕਾਰਨ ਅੱਜ ਤਸਕਰਾਂ ਵਿਚ ਭਾਰੀ ਡਰ ਪੈਦਾ ਹੋ ਗਿਆ ਹੈ | ਪਿਛਲੇ ਇੱਕ ਮਹੀਨੇ ਵਿੱਚ ਨਸ਼ੇ ਦੇ ਸੌਦਾਗਰਾਂ ਦਾ ਸਫਾਇਆ ਹੋਇਆ ਹੈ। ਹੁਣ ਨਸ਼ਾ ਤਸਕਰਾਂ ਲਈ ਇੱਕ ਹੀ ਸੁਨੇਹਾ ਹੈ ਕਿ ਜਾਂ ਤਾਂ ਨਸ਼ੇ ਦਾ ਕਾਰੋਬਾਰ ਛੱਡ ਦਿਓ ਜਾਂ ਪੰਜਾਬ ਛੱਡ ਦਿਓ।
ਸਿਸੋਦੀਆ ਨੇ ਇਸ ਮੁਹਿੰਮ ਦੀ ਸਫਲਤਾਪੂਰਵਕ ਅਗਵਾਈ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।
Get all latest content delivered to your email a few times a month.