• Home
  • ਜਰਖੜ ਹਾਕੀ ਅਕੈਡਮੀ ਦੇ ਚੋਣ ਟ੍ਰਾਇਲਾਂ ਨੂੰ ਮਿਲਿਆ ਭਰਵਾਂ ਹੁੰਗਾਰਾ – 150 ਦੇ ਕਰੀਬ ਖਿਡਾਰੀ ਚੋਣ ਟ੍ਰਾਇਲਾਂ ਲਈ ਪੁੱਜੇ

ਜਰਖੜ ਹਾਕੀ ਅਕੈਡਮੀ ਦੇ ਚੋਣ ਟ੍ਰਾਇਲਾਂ ਨੂੰ ਮਿਲਿਆ ਭਰਵਾਂ ਹੁੰਗਾਰਾ – 150 ਦੇ ਕਰੀਬ ਖਿਡਾਰੀ ਚੋਣ ਟ੍ਰਾਇਲਾਂ ਲਈ ਪੁੱਜੇ

ਲੁਧਿਆਣਾ, 23 ਮਾਰਚ - ਪੰਜਾਬ ਖੇਡ ਵਿਭਾਗ ਵੱਲੋਂ ਮਨਜ਼ੂਰ ਅਤੇ ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਦੇ ਚੋਣ ਟ੍ਰਾਇਲਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਅੱਜ ਜਰਖੜ ਸਟੇਡੀਅਮ ਦੇ ਐਸਟ੍ਰੋਟਰਫ ਖੇਡ ਮੈਦਾਨ 'ਤੇ ਹੋਏ ਇੰਨ੍ਹਾਂ ਚੋਣ ਟ੍ਰਾਇਲਾਂ 'ਚ 150 ਦੇ ਕਰੀਬ ਉੱਭਰਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਚਾਰ ਮੈਂਬਰੀ ਚੋਣ ਪੈਨਲ ਜਿਸ 'ਚ ਕੋਚ ਹਰਮਿੰਦਰਪਾਲ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਜੁਗਿੰਦਰ ਸਿੰਘ ਤੇ ਅਜੈ ਕੁਮਾਰ ਨੇ ਖਿਡਾਰੀਆਂ ਦੀ ਸਰੀਰਕ ਫਿਟਨੈੱਸ, ਹਾਕੀ ਤਕਨੀਕ ਆਦਿ ਨੂੰ ਪਰਖਦਿਆਂ ਕੁੱਲ 42 ਖਿਡਾਰੀ ਫਾਈਨਲ ਲਿਸਟ ਲਈ ਚੁਣੇ। ਅੰਡਰ-17 ਸਾਲ ਵਰਗ 'ਚ ਵੱਖ ਵੱਖ ਸਕੂਲਾਂ ਦੇ 101 ਖਿਡਾਰੀਆਂ ਨੇ ਹਿੱਸਾ ਲਿਆ ਜਿਸ 'ਚ ਅੰਤਮ 22 ਖਿਡਾਰੀਆਂ ਦਾ ਗ੍ਰੇਡ ਤਿਆਰ ਕੀਤਾ ਗਿਆ। ਜਿਸ ਦੇ ਅਧਾਰ 'ਤੇ ਉਨ੍ਹਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਅੰਡਰ-19 ਸਾਲ ਵਰਗ ਲਈ ਕੁੱਲ 20 ਖੁਡਾਰੀਆਂ ਨੂੰ ਅੰਤਿਮ ਸੂਚੀ 'ਚ ਰੱਖਿਆ ਗਿਆ। ਚੁਣੇ ਗਏ ਖਿਡਾਰੀਆਂ ਨੂੰ ਹਾਕੀ ਦੀ ਮੁਫਤ ਟ੍ਰੇਨਿੰਗ, ਖਾਣ-ਪੀਣ ਅਤੇ ਰਹਿਣ ਸਹਿਣ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਯਾਦ ਰਹੇ ਕਿ ਹਾਕੀ ਇੰਡੀਆ ਨੇ ਜਰਖੜ ਹਾਕੀ ਅਕੈਡਮੀ ਨੂੰ ਅਕੈਡਮੀ ਮੈਂਬਰ ਵਜੋਂ ਅੰਡਰ-17 ਸਾਲ, ਅੰਡਰ-19 ਸਾਲ ਤੇ ਅੰਡਰ-21 ਸਾਲ ਦੀਆਂ ਕੌਮੀ ਚੈਂਪੀਅਨਸ਼ਿਪਾਂ 'ਚ ਸਿੱਧੀ ਐਂਟਰੀ ਦਿੱਤੀ ਹੋਈ ਹੈ, ਜੋ ਕਿ ਤਕਰੀਬਨ ਸਤੰਬਰ ਮਹੀਨੇ ਹਾਕੀ ਇੰਡੀਆ ਵੱਲੋਂ ਕੌਮੀ ਚੈਂਪੀਅਨਸ਼ਿਪਾਂ ਕਰਾਈਆਂ ਜਾਣਗੀਆਂ। ਜਿਸ 'ਚ ਜਰਖੜ ਹਾਕੀ ਅਕੈਡਮੀ ਦੇ ਖਿਡਾਰੀ ਸਿੱਧੇ ਤੌਰ 'ਤੇ ਖੇਡਣਗੇ ਅਤੇ ਉਨ੍ਹਾਂ ਨੂੰ ਕੌਮੀ ਪੱਧਰ 'ਤੇ ਆਪਣੇ ਹਾਕੀ ਹੁਨਰ ਦਿਖਾਉਣ ਦਾ ਸੁਨਹਿਰੀ ਮੌਕਾ ਮਿਲੇਗਾ। ਉਸਦੇ ਨਾਲ ਹੀ ਭਾਰਤੀ ਹਾਕੀ ਟੀਮਾਂ 'ਚ ਚੋਣ ਦਾ ਵੀ ਵਧੀਆ ਮੌਕਾ ਮਿਲੇਗਾ।
ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਪ੍ਰਧਾਨ ਪਰਮਜੀਤ ਸਿੰਘ ਨੀਟੂ, ਖਜਾਨਚੀ ਤੇਜਿੰਦਰ ਸਿੰਘ, ਮਨਦੀਪ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਜਗਦੇਵ ਸਿੰਘ ਜਰਖੜ, ਹਰਪਾਲ ਸਿੰਘ ਅਤੇ ਹੋਰ ਪ੍ਰਬੰਧਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਯਾਦ ਰਹੇ ਜਰਖੜ ਹਾਕੀ ਅਕੈਡਮੀ ਪੰਜਾਬ ਦੀ ਇੱਕੋ ਇੱਕ ਅਜਿਹੀ ਅਕੈਡਮੀ ਹੈ ਜਿਸ ਕੋਲ ਆਪਣੀ ਮਿੰਨੀ ਐਸਟ੍ਰੋਟਰਫ ਗ੍ਰਾਊਂਡ, ਗ੍ਰਾਸ ਗ੍ਰਾਊਂਡ, 32 ਕਮਰਿਆਂ ਵਾਲਾ ਹੋਸਟਲ, ਜਿੰਮ, ਆਪਣਾ ਦਫ਼ਤਰ, ਗੈਸਟ ਰੂਮ ਆਦਿ ਹੋਰ ਸਾਰੀਆਂ ਸਹੂਲਤਾਂ ਉਪਲਭਧ ਹਨ।