• Home
  • ਕਬੱਡੀ ਕਾਰਨੀਵਲ:-20 ਲੱਖ ਰੁਪਏ ਦੇ ਇਨਾਮ ਜੇਤੂ ਖਿਡਾਰੀਆਂ ਨੂੰ ਕੀਤੇ ਜਾਣਗੇ ਤਕਸੀਮ – ਗ੍ਰੇਟ ਖਲੀ ਹੋਣਗੇ ਖੇਡਾਂ ਦੇ ਬ੍ਰੈਂਡ ਅੰਬੈਸਡਰ

ਕਬੱਡੀ ਕਾਰਨੀਵਲ:-20 ਲੱਖ ਰੁਪਏ ਦੇ ਇਨਾਮ ਜੇਤੂ ਖਿਡਾਰੀਆਂ ਨੂੰ ਕੀਤੇ ਜਾਣਗੇ ਤਕਸੀਮ – ਗ੍ਰੇਟ ਖਲੀ ਹੋਣਗੇ ਖੇਡਾਂ ਦੇ ਬ੍ਰੈਂਡ ਅੰਬੈਸਡਰ

ਬਠਿੰਡਾ, 24 ਫ਼ਰਵਰੀ ; 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਮੰਤਵ ਨਾਲ ਜ਼ਿਲਾ ਬਠਿੰਡਾ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਦੇ ਸਭ ਤੋਂ ਵੱਡੇ ''ਕਬੱਡੀ ਕਾਰਨੀਵਲ'' ਦਾ 26 ਫ਼ਰਵਰੀ ਨੂੰ ਹੋਵੇਗਾ ਆਗਾਜ਼। ਇਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਦੀ ਇਸ ਕਬੱਡੀ ਮਹਾਂਕੁੰਭ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਡਿਊਟੀਆਂ ਲਗਾਉਂਦੇ ਹੋਏ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਵੱਲੋਂ ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਰਸਾਉਂਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।  ਉਨਾਂ ਦੱਸਿਆ ਕਿ 26 ਅਤੇ 27 ਫ਼ਰਵਰੀ ਨੂੰ ਬਲਾਕ ਪੱਧਰ 'ਤੇ ਅਤੇ 1 ਤੋਂ 2 ਮਾਰਚ ਦੌਰਾਨ ਜ਼ਿਲਾ ਪੱਧਰ 'ਤੇ ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਇਸ ਕਾਰਨੀਵਲ ਵਿੱਚ ਕਬੱਡੀ ਓਪਨ, ਕਬੱਡੀ 55 ਕਿਲੋ, ਕਬੱਡੀ ਸ਼ੋ ਮੈਚ (ਪੰਚ/ਸਰਪੰਚ), ਰੱਸਾ ਕਸ਼ੀ (ਮਰਦ/ਔਰਤ), ਅਥਲੈਟਿਕਸ 100, 200 ਅਤੇ 400 ਮੀਟਰ ਤੋਂ ਇਲਾਵਾ ਗੋਲਾ ਸੁੱਟਣਾ ਜਿਹੀਆਂ ਖੇਡਾਂ ਮੁੱਖ ਆਕਰਸ਼ਣ ਹੋਣਗੀਆਂ। ਮੀਟਿੰਗ ਦੌਰਾਨ ਸ਼੍ਰੀ ਪ੍ਰਨੀਤ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਕਬੱਡੀ ਦੇ ਮਹਾਂ ਸੰਗਰਾਮ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਲੈਣ ਸਮੇਂ ਖਾਸ ਧਿਆਨ ਰੱਖਿਆ ਜਾਵੇ ਅਤੇ ਹਰ ਖਿਡਾਰੀ ਨੂੰ ਇਸ ਟੈਸਟ ਨੂੰ ਪਾਸ ਕਰਨ ਉਪਰੰਤ ਹੀ ਖੇਡਣ ਦੀ ਇਜਾਜ਼ਤ ਦਿੱਤੀ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਟੀਮ ਦੇ ਇੱਕ ਵੀ ਖਿਡਾਰੀ ਦਾ ਡੋਪ ਟੈਸਟ ਪਾਜ਼ੈਟਿਵ ਪਾਇਆ ਜਾਂਦਾ ਹੈ ਤਾਂ ਉਸ ਸਾਰੀ ਟੀਮ ਨੂੰ ਹੀ ਡਿਸਕੁਆਲੀਫ਼ਾਈ ਕਰਕੇ ਖੇਡ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ। ਸ਼੍ਰੀ ਪ੍ਰਨੀਤ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਬੱਡੀ ਕਾਰਨੀਵਲ ਵਿੱਚ ਜੇਤੂ ਖਿਡਾਰੀਆਂ ਨੂੰ ਲੱਗਭੱਗ 20 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ 9 ਬਲਾਕਾਂ ਦੇ 148 ਜ਼ੋਨਾਂ ਵਿੱਚੋਂ ਤਕਰੀਬਨ 3000 ਖਿਡਾਰੀ ਇਸ ਕਬੱਡੀ ਦੇ ਮਹਾਂਕੁੰਭ ਵਿੱਚ ਸ਼ਮੂਲੀਅਤ ਕਰਨਗੇ। 55 ਕਿਲੋ ਕਬੱਡੀ ਅਤੇ ਅਥਲੈਟਿਕਸ ਈਵੈਂਟ ਵਿੱਚ 11ਵੀਂ ਤੱਕ ਦੇ ਸਕੂਲੀ ਵਿਦਿਆਰਥੀ ਭਾਗ ਲੈ ਸਕਣਗੇ ਅਤੇ ਇਸ ਲਈ ਸਕੂਲ ਦੇ ਮੁਖੀ ਦੁਆਰਾ ਜਾਰੀ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੋਵੇਗਾ। ਸਰਪੰਚ ਅਤੇ ਪੰਚਾਂ ਦੀਆਂ ਦੌੜਾਂ/ਕਬੱਡੀ ਸ਼ੋ ਮੈਚ ਵਿੱਚ ਸਿਰਫ਼ ਚੁਣੇ ਹੋਏ ਉਮੀਦਵਾਰ ਪੰਚ/ਸਰਪੰਚ ਹੀ ਭਾਗ ਲੈ ਸਕਣਗੇ। ਇਸ ਤੋਂ ਇਲਾਵਾ ਉਨਾਂ ਦਾ ਪਰਿਵਾਰਕ ਮੈਂਬਰ ਹਿੱਸਾ ਨਹੀਂ ਲੈ ਸਕੇਗਾ। ਰੱਸਾ ਕਸ਼ੀ ਟੀਮ ਵਿੱਚ ਮਰਦ/ਔਰਤਾਂ ਦੀਆਂ ਟੀਮਾਂ ਵਿੱਚ ਚੁਣੇ ਹੋਏ 2 ਮੈਂਬਰਾਂ, ਪੰਚ ਜਾਂ ਸਰਪੰਚ ਦਾ ਹੋਣਾ ਜ਼ਰੂਰੀ ਹੋਵੇਗਾ। ਗੋਲਾ ਸੁੱਟਣ ਲਈ ਗੋਲੇ ਦਾ ਭਾਰ ਔਰਤਾਂ ਲਈ 12 ਪੌਂਡ ਅਤੇ ਮਰਦਾਂ ਲਈ 16 ਪੌਂਡ ਹੋਵੇਗਾ। ਉਨਾਂ ਇਹ ਵੀ ਦੱਸਿਆ ਕਿ ਬਲਾਕ ਟੂਰਨਾਮੈਂਟ ਵਿੱਚ ਖਿਡਾਰੀ ਪਿੰਡ ਦਾ ਜੰਮਪਲ ਹੋਵੇ ਅਤੇ ਉਸ ਦੀ ਵੋਟ ਜਾਂ ਆਧਾਰ ਕਾਰਡ ਖਿਡਾਰੀ ਦੇ ਪਿੰਡ ਵਿੱਚ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਟੀਮ ਦਾ ਪਿੰਡ ਦੇ ਸਰਪੰਚ ਤੋਂ ਤਸਦੀਕਸ਼ੁਦਾ ਹੋਣਾ ਜ਼ਰੂਰੀ ਹੋਵੇਗਾ। ਜ਼ਿਲਾ ਪੱਧਰ 'ਤੇ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਬਲਾਕ ਟੂਰਨਮੈਂਟ ਖੇਡਣਾ ਜ਼ਰੂਰੀ ਹੋਵੇਗਾ। ਉਨਾਂ ਕਿਹਾ ਕਿ ਟੀਮ ਦੀ ਐਂਟਰੀ 25 ਫ਼ਰਵਰੀ 2019 ਸ਼ਾਮ 3:00 ਵਜੇ ਤੱਕ ਸਬੰਧਤ ਬੀ.ਡੀ.ਪੀ.ਓ. ਦਫ਼ਤਰ ਵਿਖੇ ਕਰਵਾਈ ਜਾ ਸਕਦੀ ਹੈ। ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਗ੍ਰੇਟ ਖਲੀ ਇਨਾਂ ਖੇਡਾਂ ਦੇ ਬ੍ਰੈਂਡ ਅੰਬੈਸਡਰ ਹੋਣਗੇ। ਉਨਾਂ ਕਿਹਾ ਕਿ ਇਸ ਕਬੱਡੀ ਕਾਰਨੀਵਲ ਦਾ ਅਕਾਸ਼ਵਾਣੀ ਬਠਿੰਡਾ ਮੀਡੀਆ ਪਾਰਟਨਰ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ ਬਰਾੜ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਿੰਦਰ ਸਿੰਘ ਜੱਸਲ, ਉਪ ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀਮਤੀ ਭੁਪਿੰਦਰ ਕੌਰ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ਼੍ਰੀ ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ਼੍ਰੀ ਰਘਵੀਰ ਸਿੰਘ ਮਾਨ,  ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।