• Home
  • ..ਜਦੋਂ ਸੁਖਬੀਰ ਬਾਦਲ ਦੀ ਜ਼ੁਬਾਨ ਟੱਪਲਾ ਖਾ ਗਈ.! ਅਕਾਲੀ- ਭਾਜਪਾ ਚ ਤਰੇੜਾਂ ਆਈਆਂ ਸਾਹਮਣੇ

..ਜਦੋਂ ਸੁਖਬੀਰ ਬਾਦਲ ਦੀ ਜ਼ੁਬਾਨ ਟੱਪਲਾ ਖਾ ਗਈ.! ਅਕਾਲੀ- ਭਾਜਪਾ ਚ ਤਰੇੜਾਂ ਆਈਆਂ ਸਾਹਮਣੇ

ਅਕਾਲੀ ਭਾਜਪਾ ਗੱਠਜੋੜ ਵਿੱਚ ਗੁੱਟਬੰਦੀ ਸਾਫ਼ ਨਜ਼ਰ ਆਈ
ਰਾਏਕੋਟ/ਗਿੱਲ
ਹਲਕਾ ਫਤਿਹਗੜ੍ਹ ਤੋਂ ਲੋਕ ਸਭਾ ਲਈ ਗਠਬੰਧਨ ਦੇ ਸਾਂਝੇ ਉਮੀਦਵਾਰ ਸਾਬਕਾ ਨੌਕਰਸ਼ਾਹ ਦਰਬਾਰਾ ਸਿੰਘ ਗੁਰੂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜੁਬਾਨ ਅੱਜ ਫਿਰ ਟੱਪਲਾ ਖਾ ਗਈ ਅਤੇ ਉਨ੍ਹਾਂ ਕਿਹਾ ਕਿ 15 ਸਾਲਾਂ ਤੱਕ ਨਰਿੰਦਰ ਮੋਦੀ ਰਾਜਸਥਾਨ ਦੇ ਮੁੱਖ ਮੰਤਰੀ ਰਹੇ ਹਨ ਅਤੇ ਉਹ ਹੀ ਦੇਸ਼ ਨੂੰ ਚਲਾਉਣ ਲਈ ਕਾਬਲ ਪ੍ਰਧਾਨ ਮੰਤਰੀ ਸਾਬਤ ਹੋਏ ਹਨ ਅਤੇ ਉਨ੍ਹਾਂ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਲਈ ਗੱਠਬੰਧਨ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਪ੍ਰਧਾਨ ਮੰਤਰੀ ੋਦੀ ਦਾ ਗੁਣਗਾਤ ਕਰਦਿਆਂ ਇਥੋਂ ਤੱਕ ਆਖ ਦਿੱਤਾ ਕਿ ਜਦੋਂ ਉਹ ਪੰਜਾਬ ਭਾਜਪਾ ਦੇ ਪ੍ਰਭਾਰੀ ਸਨ ਤਾਂ ਉਹ ਪੰਜਾਬ ਚ ਆਮ ਲੋਕਾਂ ਨਾਲ ਮੀਟਿੰਗਾਂ ਕਰਦੇ ਸਨ ਅਤੇ ਰਾਏਕੋਟ ਵਿੱਚ ਵੀ ਦਾਣਾ ਮੰਡੀ ਵਿੱਚ ਆਉਂਦੇ ਸਨ ,ਜਦਕਿ ਭਾਜਪਾ ਵਰਕਰਾਂ ਨੇ ਇਸ ਗੱਲ ਨਾਲ ਇਤਫਾਕ ਨਹੀ ਦਿਖਾਇਆ।
ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ 'ਤੇ ਤਿੱਖੇ ਵਾਰ ਕੀਤੇ ਅਤੇ ਉਸ ਨੂੰ ਝੂਠਾ ਅਤੇ ਸਹੁੰ ਖਾ ਕੇ ਮੁਕਰਨ ਵਾਲਾ,ਪਾਪੀ ਮੁੱਖ ਮੰਤਰੀ ਕਰਾਰ ਦਿੱਤਾ। ਕੈਪਟਨ ਦੀ ਧਰਮ ਪ੍ਰਤੀ ਸ਼ਰਧਾ ਦੀ ਗੱਲ ਕਰਦਿਆਂ ਕਿਹਾ ਕਿ ਕੈਪਟਨ ਤਾਂ ਮੁੱਖ ਮੰਤਰੀ ਬਣ ਕੇ ਤਿੰਨ ਮਹੀਨੇ ਤੱਕ ਤਾਂ ਦਰਬਾਰ ਸਾਹਬ ਮੱਥਾ ਟੇਕਣ ਵੀ ਨਹੀਂ ਗਿਆ ਸੀ ਅਤੇ ਗੁੱਟਕਾ ਸਹਿਬ ਦੀ ਸਹੁੰ ਖਾ ਕੇ ਸਾਫ ਮੁੱਕਰ ਗਿਆ ਹੈ। ਬਹਿਬਲ ਕਲਾਂ ਮਾਮਲੇ ਦੀ ਜਾਂਚ ਕਰ ਰਹੀ ਐਸ ਆਈ ਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਜਾਂਚ ਟੀਮ ਨੂੰ ਤਾਂ ਕਲੀਨ ਚਿੱਟ ਦੇ ਦਿੱਤੀ ਅਤੇ ਕੇਵਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੀ ਨਿਸ਼ਾਨਾ ਬਣਾਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਝੂਠਾ, ਅਰਾਮ ਪ੍ਰਸਤ ਅਤੇ ਰਾਹੁਲ ਗਾਂਧੀ ਨੂੰ ਰਾਜਨੀਤੀ ਦਾ ਅਣਜਾਣ ਦੱਸਿਆ ਅਤੇ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਉਪਰ ਵੀ ਸਿੱਧਾ ਹੱਲਾ ਬੋਲਿਆ ਅਤੇ ਕਿਹਾ ਕਿ ਨਵਜੋਤ ਸਿੱਧੂ ਨੇ ਇਸ ਦੀਆਂ ਕਾਰਵਾਈਆਂ ਕਾਰਨ ਹੀ ਤਿੰਨ ਮਹੀਨਿਆਂ ਬਾਅਦ ਇਸ ਨੂੰ ਘਰ ਤੋਰ ਦਿੱਤਾ ਸੀ।
ਰੈਲੀ ਦੌਰਾਨ ਭਾਜਪਾ ਦੇ ਕੁੱਝ ਆਗੂਆਂ ਨੂੰ ਭਾਵੇਂ ਸਟੇਜ 'ਤੇ ਤਾਂ ਥਾਂ ਦਿੱਤੀ ਪਰ ਬੋਲਣ ਦਾ ਮੌਕਾ ਕਿਸੇ ਨੂੰ ਨਹੀਂ ਦਿੱਤਾ ਗਿਆ। ਅਨੁਸੂਚਿਤ ਜਾਤੀ ਵਿੰਗ ਦੇ ਆਗੂਆਂ ਅਤੇ ਭਾਜਪਾ ਦੇ ਬਹੁਤੇ ਵਰਕਰਾਂ ਨੂੰ ਕੁਰਸੀਆਂ 'ਤੇ ਬੈਠੇ ਅਕਾਲੀ ਵਰਕਰਾਂ ਦੇ ਪੈਰਾਂ ਵਿੱਚ ਹੀ ਬੈਠਣਾ ਪਿਆ। ਅਕਾਲੀ ਆਗੂਆਂ ਵੱਲੋਂ ਸ਼ਹਿਰ ਅਤੇ ਪੈਲੇਸ ਦੇ ਨੇੜੇ ਲਾਏ ਸਵਾਗਤੀ ਬੈਨਰਾਂ ਵਿਚ ਨਰਿੰਦਰ ਮੋਦੀ ਨੂੰ ਹੀ ਥਾਂ ਮਿਲ ਸਕੀ, ਭਾਜਪਾ ਦੇ ਕਿਸੇ ਸੁਬਾਈ ਜਾਂ ਸਥਾਨਕ ਆਗੂ ਨੂੰ ਕਿਧਰੇ ਥਾਂ ਨਹੀਂ ਮਿਲੀ, ਪਰ ਸਟੇਜ ਦੇ ਪਿਛਲੇ ਪਾਸੇ ਲੱਗੇ ਬੈਨਰ ਉਪਰ ਸਵੇਤ ਮਲਿਕ ਦੀ ਤਸਵੀਰ ਜਰੂਰ ਸਜਾਈ ਗਈ ਸੀ। ਅੱਜ ਦੀ ਰੈਲੀ ਵਿੱਚ ਯੂਥ ਅਕਾਲੀ ਦਲ ਚ ਵੀ ਗੁੱਟਬੰਦੀ ਸ਼ਰੇਆਮ ਖੁੱਲ੍ਹ ਕੇ ਸਾਹਮਣੇ ਆਈ ਕਿਉਂਕਿ ਇੱਕ ਪਾਸੇ ਸਟੇਜ ਤੇ ਕਾਬਜ਼ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਆਪਣੇ ਸਾਥੀਆਂ ਸਮੇਤ ਸਟੇਜ ਤੇ ਦਿਸੇ ਤੇ ਦੂਜੇ ਪਾਸੇ ਪ੍ਰਦਰਸ਼ਨ ਕਰਦਿਆਂ ਮਨਪ੍ਰੀਤ ਸਿੰਘ ਤਲਵੰਡੀ ਢੋਲ-ਢਮੱਕੇ ਨਾਲ ਆਪਣੇ ਯੂਥ ਵਰਕਰਾਂ ਸਮੇਤ ਰੈਲੀ ਵਾਲੀ ਥਾਂ 'ਤੇ ਪੁੱਜੇ ਪਰ ਉਨ੍ਹਾਂ ਨੂੰ ਵੀ ਸਟੇਜ 'ਤੇ ਥਾਂ ਨਾ ਮਿਲ ਸਕੀ।। ਵੱਡੇ ਫਰਕ ਨਾਲ ਜਿੱਤ ਦਰਜ ਕਰਕੇ ਲੋਕ ਸਭਾ ਲਈ ਇਸੇ ਹਲਕੇ ਤੋਂ ਪਿਛਲੀ ਵਾਰ ਚੁਣੇ ਗਏ ਹਰਿੰਦਰ ਖਾਲਸਾ ਨੇ ਭਾਵੇਂ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਹੈ ਪਰ ਉਹ ਵੀ ਅੱਜ ਦੀ ਰੈਲੀ ਵਿੱਚ ਨਜ਼ਰ ਨਹੀਂ ਆਏ। ਅਕਾਲੀ ਭਾਜਪਾ ਗੱਠਜੋੜ ਵਿੱਚ ਤਰੇੜਾਂ ਸਾਫ਼ ਦਿਖਾਈ ਦਿੱਤੀਆਂ।
ਅੱਜ ਦੀ ਇਸ ਰੈਲੀ ਨੂੰ ,ਸਬਕਾ ਵਿਧਾਇਕ ਰਣਜੀਤ ਸਿੰਘ ,ਮੇਰੀ ਜਗਜੀਤ ਸਿੰਘ ਤਲਵੰਡੀ, ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਨ ਸਿੰਘ ਗਰਚਾ ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ,ਪ੍ਰਧਾਨ ਸਲਿਲ ਜੈਨ ,ਭਾਜਪਾ ਦੇ ਆਗੂ ਕਪਿਲ ਗਰਗ ,ਮੰਡਲ ਪ੍ਰਧਾਨ ਦੀਪਕ ਬਾਂਸਲ ,ਜ਼ਿਆਦਾਰ ਗੁਰਮੇਲ ਸਿੰਘ ਆਂਡਲੂ , ਗੁਰਚੀਨ ਸਿੰਘ ਰੱਤੋਵਾਲ , ਇੰਦਰਜੀਤ ਸਿੰਘ ਗੋਂਦਵਾਲ, ਹਰਪਾਲ ਸਿੰਘ ਗਰੇਵਾਲ ,ਜਥੇਦਾਰ ਗੁਰਦੀਪ ਸਿੰਘ ਬਸਰਾਵਾਂ ਆਦਿ ਆਗੂ ਹਾਜ਼ਰ ।