• Home
  • ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਚ ਛਾਪੇਮਾਰੀ-15 ਨਕਲ ਦੇ ਕੇਸ ਫੜੇ ਸੁਪਰਵਾਈਜ਼ਰ ਸਟਾਫ ਡਿਊਟੀ ਤੋਂ ਫਾਰਗ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਚ ਛਾਪੇਮਾਰੀ-15 ਨਕਲ ਦੇ ਕੇਸ ਫੜੇ ਸੁਪਰਵਾਈਜ਼ਰ ਸਟਾਫ ਡਿਊਟੀ ਤੋਂ ਫਾਰਗ

ਐੱਸ.ਏ. ਅੱੈਸ ਨਗਰ 18 ਮਾਰਚ -- :ਮੈਟ੍ਰਿਕੁਲੇਸ਼ਨ ਪੱਧਰ ਦੀ ਅੰਗਰੇਜ਼ੀ ਦੀ ਬੋਰਡ ਪ੍ਰੀਖਿਆ ਦੇ ਮੌਕੇ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ. ਏ. ਐਸ (ਰਿਟ:) ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ, ਰਮਦਾਸ ਤੇ ਚੌਗਾਵਹ ਇਲਾਕਿਆਂ ਵਿੱਚ ਛਾਪੇ ਮਾਰਕੇ ਨਕਲ ਦੇ 3 ਕੇਸ ਫੜੇ ਅਤੇ ਮਾਸਟਰ ਮਨੀਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਗਾਵਾਂ ਦੇ ਆਰਟ ਅਤੇ ਕਰਾਫਟ ਅਧਿਆਪਕ ਨੂੰ ਸੁਪਰਵਾਈਜ਼ਰੀ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਡਿਊਟੀ ਤੋਂ ਫਾਰਗ ਕਰ ਦਿੱਤਾ| ਇਸੇ ਦੌਰਾਨ ਪ੍ਰੀਖਿਆ ਦੌਰਾਨ ਸਾਰੇ ਰਾਜ ਵਿੱਚੋਂ ਨਕਲ ਦੇ ਕੁਲ 15 ਕੇਸ ਫੜੇ ਗਏ|
ਵੇਰਵਿਆਂ ਅਨੁਸਾਰ ਬੋਰਡ ਚੇਅਰਮੈਨ ਸ਼੍ਰੀ ਕਲੋਹੀਆ ਨੇ ਸੋਮਵਾਰ ਸਵੇਰ ਤੋਂ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਅਜਨਾਲਾ ਦੇ ਦੋ ਪ੍ਰੀਖਿਆ ਕੇਂਦਰਾਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ ਪ੍ਰੀਖਿਆ ਕੇਂਦਰ ਵਿੱਚ ਛਾਪੇ ਮਾਰੇ | ਦੋਵੇਂ ਅਦਾਰਿਆ ਵਿੱਚ ਸਾਫ ਸਫਾਈ ਦਾ ਬੁਰਾ ਹਾਲ ਵੇਖ ਕੇ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰ ਦੇ ਸੁਪਰਵਾਈਜ਼ਰੀ ਸਟਾਫ ਦੀ ਸਖਤ ਝਾੜ-ਝੰਬ ਕੀਤੀ ਗਈ| ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਕੇਂਦਰ ਵਿੱਚ ਬੋਰਡ ਚੇਅਰਮੈਨ ਨੇ ਇਕ ਵਿਦਿਆਰਥੀ ਦੀ ਜੇਬ ਵਿਚੋਂ ਅੰਗਰੇਜੀ ਦੀ ਪਾਕਟ ਬੁੱਕ ਬਰਾਮਦ ਕੀਤੀ ਤੇ ਯੂ. ਐਮ. ਸੀ ਬਨਾਉਣ ਦੇ ਨਿਰਦੇਸ਼ ਦਿੱਤੇ| ਅਜਨਾਲਾ ਦੇ ਸਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਦੋਹੇਂ ਪ੍ਰੀਖਿਆ ਕੇਂਦਰ ਨਿਯਮਾਂ ਅਨੁਸਾਰ ਕਾਰਜ ਕਰਦੇ ਮਿਲੇ| ਚੇਅਰਮੈਨ ਨੇ ਨਕਲ ਵਾਲੇ ਸਥਾਨਾਂ ਉੱਤੇ ਵਧੇਰੇ ਸੁਰੱਖਿਆ ਦਸਤੇ ਤਾਇਨਾਤ ਕਰਕੇ ਨਿਰੀਖਕਾਂ ਤੀ ਸੁਰੱਖਿਆ ਦੇ ਨਿਰਦੇਸ਼ ਵੀ ਦਿੱਤੇ।
ਇਸੇ ਦੌਰਾਨ ਚੌਗਾਵਾਂ ਦੇ ਸਰਕਾਰੀ ਹਾਈ ਸਕੂਲ ਵਿਚਲੇ ਦੋਹੇ ਕੇਂਦਰ ਤਾਂ ਨਿਯਮਾਂ ਅਨੁਸਾਰ ਪ੍ਰੀਖਿਆ ਲੈਂਦੇ ਮਿਲੇ ਪਰ ਮਾਸਟਰ ਮਨੀਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਕੇਂਦਰ ਵਿੱਚ ਨਕਲ ਦੇ ਦੋ ਕੇਸ ਫੜੇ ਗਏ ਅਤੇ ਮੌਕੇ ਉਤੇ ਤਾਈਨਾਤ ਸੁਪਰਵਾਈਜ਼ਰ ਜੋ ਕਿ ਇਸੇ ਸਕੂਲ ਦਾ ਆਰਟ ਤੇ ਕਰਾਫਟ ਅਧਿਆਪਕ ਗੁਰਜੰਟ ਸਿੰਘ ਸੀ, ਨੂੰ ਤੁਰੰਤ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ| ਸ਼੍ਰੀ ਕਲੋਹੀਆ ਨੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰਮਦਾਸ, ਸਰਕਾਰੀ ਸੀਨੀਅਰ ਸੈਕਡੰਰੀ ਸਕੂਲ , ਰਮਦਾਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਲੋਪੋਕੇ ਦੇ ਦੌਰੇ ਵੀ ਕੀਤੇ | ਇਨ੍ਹਾਂ ਅਦਾਰਿਆਂ ਵਿੱਚ ਨਿਯਮਾਵਲੀ ਅਧੀਨ ਸਹੀ ਮਾਹੌਲ ਵਿੱਚ ਪ੍ਰੀਖਿਆ ਕਾਰਜ ਚਲਦੇ ਮਿਲੇ| ਚੇਅਰਮੈਨ ਨਾਲ ਬੋਰਡ ਦੇ ਅਮ੍ਰਿਤਸਰ ਖੇਤਰੀ ਦਫਤਰ ਦੇ ਮੁੱਖੀ ਪਵਨਦੀਪ ਸਿੰਘ, ਮੁੱਖ ਦਫਤਰ ਦੇ ਸੁਪਰਡੰਟ ਗੁਰਚਰਨ ਸਿੰਘ , ਬਲਜੀਤ ਸਿੰਘ, ਸੋਢੀ ਸਿੰਘ ਤੇ ਭੁਸ਼ਣ ਕੁਮਾਰ ਆਦਿ ਸਟਾਫ ਮੈਂਬਰ ਵੀ ਨਿਰੀਖਣ ਟੀਮ ਵਿੱਚ ਸ਼ਾਮਲ ਸਨ|
ਪੰਜਬ ਭਰ ਵਿੱਚ ਸੋਮਵਾਰ ਨੂੰ  ਦਸਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਨਕਲ ਜਾ ਹੋਰ ਇਤਰਾਜ਼ਯੋਗ ਕਾਰਜ ਕਰਨ ਦੇ 15 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ 5 ਜਿਲ੍ਹਾ ਅਮ੍ਰਿਤਸਰ ਤੋਂ, 3 ਜਿਲ੍ਹਾ .ਫਾਜਿਲਕਾਂ ਤੋਂ , ਬਠਿੰਡਾ ਤੇ ਬਢਲਾਡਾ ਤੋਂ ਦੋ-ਦੋ ਅਤੇ ਬਟਾਲਾ, ਹੁਸ਼ਿਆਰਪੁਰ ਤੇ ਰਾਜਪੁਰਾ ਤੋਂ ਇਕ-ਇਕ ਮਾਮਲੇ ਫੜੇ ਗਏ | ਰਾਜਪੁਰਾ ਵਿੱਚ ਪ੍ਰੀਖਿਆਰਥੀ ਦੀ ਥਾਂ ਕੋਈ ਹੋਰ ਵਿਅਕਤੀ ਪ੍ਰੀਖਿਆ ਦਿੰਦਾ ਫੜਿਆ ਗਿਆ|
ਕੈਪਸ਼ਨ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਸੋਮਵਾਰ ਨੂੰ ਚੌਗਾਵਾਂ ਵਿਖੇ ਪ੍ਰੀਖਿਆ ਕੇਂਦਰ ਦੇ ਨਿਰੀਖਣ ਮਗਰੋਂ ਨਿਰੀਖਿਅਕ ਵਜੋਂ ਦਸਤਖਤ ਕਰਦੇ ਹੋਏ|