• Home
  • “ਇੱਕ ਤੀਰ ਨਾਲ ਦੋ ਸ਼ਿਕਾਰ”! ਕੀ ਪਰਿਵਾਰਾਂ ਚ ਬਟਵਾਰਾ . ? ਪੜ੍ਹੋ :ਸਪੈਸ਼ਲ ਰਿਪੋਰਟ

“ਇੱਕ ਤੀਰ ਨਾਲ ਦੋ ਸ਼ਿਕਾਰ”! ਕੀ ਪਰਿਵਾਰਾਂ ਚ ਬਟਵਾਰਾ . ? ਪੜ੍ਹੋ :ਸਪੈਸ਼ਲ ਰਿਪੋਰਟ

-ਪਰਮਿੰਦਰ ਸਿੰਘ ਜੱਟਪੁਰੀ -

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਸਾਰੇ ਵੱਡੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਗੁਪਤਵਾਸ ਜਾਣ ਤੋਂ ਬਾਅਦ ਅਕਾਲੀ ਦਲ ਚ ਆਏ ਜਵਾਰਭਾਟੇ ਨੇ ਇੱਕ ਵਾਰ ਅਕਾਲੀ ਦਲ ਦੇ ਹੁਕਮਰਾਨ ਸੁਖਬੀਰ ਸਿੰਘ ਬਾਦਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਜਿਸ ਤੋਂ ਬਾਅਦ ਸੁਖਬੀਰ ਵੱਲੋਂ ਅਕਾਲੀ ਦਲ ਦੀ ਬੇੜੀ ਪਾਰ ਲਾਉਣ ਲਈ ਜਿੱਥੇ ਪਿਛਲੇ ਦਿਨੀਂ ਵੱਡੇ -ਵੱਡੇ ਅਹੁਦੇ ਨਿਰਾਸ਼ ਦਿਸਣ ਵਾਲੇ ਲੋਕਾਂ ਨੂੰ ਥੋਕ ਚ ਵੰਡੇ ,ਉੱਥੇ ਉਨ੍ਹਾਂ ਪਹਿਲਾਂ ਅਕਾਲੀ ਦਲ ਦੇ ਆਗੂਆਂ ਨੂੰ ਨੁੱਕਰੇ ਲਾਉਣ ਵਾਲੀ ਪਾਲਿਸੀ ਨੂੰ ਬਦਲ ਕੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ । ਬਾਦਲ ਦਲ ਦੇ ਸਲਾਹਕਾਰਾਂ ਵੱਲੋਂ ਬਣਾਈ ਗਈ ਇਸ ਕਾਰਪੋਰੇਟ ਨੀਤੀ ਮੁਤਾਬਕ ਬਗ਼ਾਵਤ ਕਰ ਚੁੱਕੇ ਟਕਸਾਲੀ ਆਗੂਆਂ ਨਾਲ ਸਹਿਮਤੀ ਪ੍ਰਗਟਾਉਣ ਵਾਲੇ ਪ੍ਰਮੁੱਖ ਆਗੂਆਂ ਦੇ ਪਰਿਵਾਰਾਂ ਚ ਬਟਵਾਰਾ ਕਰਨਾ ਹੈ ,ਤਾਂ ਕਿ ਸਿੱਧੇ ਤੌਰ ਤੇ ਸਬੰਧਿਤ ਆਗੂ ਨਾਲ ਜੁੜਿਆ ਹੇਠਲੇ ਪੱਧਰ ਤੇ ਕੇਡਰ ਨੂੰ ਆਪਣੇ ਨਾਲ ਰੱਖਿਆ ਜਾ ਸਕੇ । ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਲਈ ਚੁਣੇ ਗਏ ਪਰਿਵਾਰਾਂ ਚੋਂ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਸੁਖਬੀਰ ਨੇ ਢੀਂਡਸਾ ਦੇ ਦਾਮਾਦ ਸਾਬਕਾ ਡਿਪਟੀ ਕਮਿਸ਼ਨਰ ਕੈਪਟਨ ਤਜਿੰਦਰ ਸਿੰਘ ਸਿੱਧੂ ਨੂੰ ਮੁਹਾਲੀ ਦਾ ਹਲਕਾ ਇੰਚਾਰਜ ਲਗਾ ਕੇ ਪਾਰਟੀ ਚ ਵੱਡਾ ਅਹੁਦਾ ਦਿੱਤਾ ਤੇ ਹੋਰ ਵੀ ਢੀਂਡਸਾ ਦੇ ਨੇੜਲੇ ਵਿਅਕਤੀਆਂ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ । ਸੁਖਦੇਵ ਸਿੰਘ ਢੀਂਡਸਾ ਵੱਲੋਂ ਭਾਵੇਂ ਪਹਿਲਾਂ ਤੋਂ ਹੀ ਇਹ ਐਲਾਨ ਕੀਤਾ ਹੋਇਆ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਦਾ ਕੋਈ ਮੈਂਬਰ ਚੋਣ ਨਹੀਂ ਲੜੇਗਾ ਅਤੇ ਉਹ ਆਪਣੇ ਪੁੱਤਰ ਨੂੰ ਚੋਣ ਨਾ ਲੜਨ ਦੀ ਸਲਾਹ ਵੀ ਦੇ ਚੁੱਕੇ ਹਨ । ਪਰ ਢੀਂਡਸਾ ਦੇ ਸ਼ਹਿਜ਼ਾਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਹਲਕੇ ਤੋਂ ਬਾਦਲ ਦਲ ਵੱਲੋਂ ਆਪਣਾ ਉਮੀਦਵਾਰ ਬਣਾਉਣਾ ਲਗਭਗ ਤੈਅ ਕਰ ਲਿਆ ਗਿਆ ਹੈ । ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਹਿਲਾਂ ਲੋਕ ਸਭਾ ਚੋਣ ਲੜਨ ਤੋਂ ਨਾਂਹ ਕੀਤੀ ਗਈ ਸੀ ,ਪਰ ਬਾਦਲ ਦਲ ਵੱਲੋਂ ਉਸ ਨੂੰ ਪਾਰਟੀ ਦਾ ਹੁਕਮ ਦੱਸ ਕੇ ਧੱਕੇ ਨਾਲ ਚੋਣ ਮੈਦਾਨ ਚ ਲਿਆਦਾ ਜਾ ਰਿਹਾ ਹੈ।

ਮਾਲਵੇ ਦਾ ਇੱਕ ਹੋਰ ਵੱਡਾ ਆਗੂ ਜਥੇਦਾਰ ਤੋਤਾ ਸਿੰਘ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀਆਂ ਚੋਂ ਹੀ ਨਹੀਂ ਸਗੋਂ ਉਸ ਪਾਸ ਅਕਾਲੀ ਦਲ ਦੇ ਪਹਿਲਾਂ ਰਹਿ ਚੁੱਕੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ, ਸੁਰਜੀਤ ਸਿੰਘ ਬਰਨਾਲਾ ,ਜਥੇਦਾਰ ਜਗਦੇਵ ਸਿੰਘ ਤਲਵੰਡੀ ਵਰਗੇ ਆਗੂਆਂ ਦੀ ਅਗਵਾਈ ਦਾ ਵੱਡਾ ਤਜਰਬਾ ਹੈ । ਮੂੰਹ ਤੇ ਗੱਲ ਕਹਿਣ ਦੀ ਜੁਰਅਤ ਰੱਖਣ ਵਾਲੇ ਜਥੇਦਾਰ ਤੋਤਾ ਸਿੰਘ ਨੂੰ ਵੀ ਪੁੱਤਰ ਮੋਹ ਜਾਗ ਪਿਆ ਹੈ । ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਤੋਤਾ ਸਿੰਘ ਦਾ ਪੁੱਤਰ ਇੱਕ ਕੇਸ ਚ ਸੀਬੀਆਈ ਦੀ ਅਦਾਲਤ ਦਾ ਸਾਹਮਣਾ ਕਰ ਰਿਹਾ ਹੈ।ਜਿਸ ਕਾਰਨ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਨੇ ਉਸ ਦੇ ਮੂੰਹ ਤੇ ਤਾਲੇ ਲਗਾ ਦਿੱਤੇ ਹਨ । ਜਥੇਦਾਰ ਤੋਤਾ ਸਿੰਘ ਦੀ ਚੁੱਪ ਤੋਂ ਸਿਆਸੀ ਹਲਕੇ ਹੈਰਾਨ ਹਨ । ਦੱਸਣਯੋਗ ਹੈ ਕਿ ਜਥੇਦਾਰ ਤੋਤਾ ਸਿੰਘ ਅਕਾਲੀ ਦਲ ਦੇ ਸਿਸਟਮ ਵਿਰੁੱਧ ਸ਼ਰੇਆਮ ਮੀਟਿੰਗਾਂ ਚ ਬੋਲਦਾ ਸੀ । ਇੱਥੋਂ ਤੱਕ ਕਿ ਤੋਤਾ ਸਿੰਘ ਨੂੰ ਮੰਤਰੀ ਪਦ ਤੋਂ ਹਟਾਉਣ ਤੋਂ ਬਾਅਦ ਤਾਂ ਉਹ ਪਾਰਟੀ ਅੰਦਰ ਰਹਿ ਕੇ ਬਗਾਵਤੀ ਸੁਰਾਂ ਅਲਾਪਦਾ ਰਹਿੰਦਾ ਸੀ ।ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਪਣੇ ਹੀ ਮੁੱਖ ਮੰਤਰੀ ਨੂੰ ਖੜ੍ਹੇ ਕਰਵਾ ਕੇ ਸਵਾਲਾਂ ਦੇ ਜਵਾਬ ਮੰਗਦਾ ਸੀ । ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਭਾਵੇਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਸੈਸ਼ਨ ਦਾ ਬਾਈਕਾਟ ਕਰਕੇ ਰਿਪੋਰਟ ਨੂੰ ਝੂਠੀ ਦੱਸਿਆ ਸੀ ,ਪਰ ਅਕਾਲੀ ਦਲ ਦੇ ਦਫਤਰ ਵਿਖੇ ਤੁਰੰਤ ਸੀਨੀਅਰ ਆਗੂਆਂ ਢੀਂਡਸਾ, ਭੂੰਦੜ,ਬ੍ਰਹਮਪੁਰਾ ਤੇ ਤੋਤਾ ਸਿੰਘ ਦੀ ਕਰਵਾਈ ਗਈ ਪ੍ਰੈੱਸ ਕਾਨਫਰੰਸ ਚ ਜਥੇਦਾਰ ਤੋਤਾ ਸਿੰਘ ਨੇ ਸ਼ਰੇਆਮ ਕਿਹਾ ਸੀ ਕਿ ਕਮਿਸ਼ਨ ਦੀ ਰਿਪੋਰਟ ਸਹੀ ਹੈ । ਉਸ ਨੇ ਇਹ ਵੀ ਕਿਹਾ ਸੀ ਕਿ ਅਸੀਂ ਪਹਿਲਾਂ ਕਦੇ ਕਿਸੇ ਨੂੰ ਦਿਸੇ ਨਹੀਂ ਅੱਜ ਸਾਡੀ ਯਾਦ ਆ ਗਈ ।

ਇਕ ਹੋਰ ਬਾਬਾ ਬੋਹੜ੍ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਹੜਾ ਕਦੇ ਦੇਸ਼ ਦੇ ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ ਵਰਗਿਆਂ ਨੂੰ ਖਰੀਆਂ- ਖਰੀਆਂ ਸੁਣਾ ਦਿੰਦਾ ਸੀ ਤੇ ਇੱਥੋਂ ਤੱਕ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਰਾਜਸੀ ਮੁੱਦਿਆਂ ਤੇ ਵਿਰੋਧ ਤੇ ਪੰਥਕ ਮੁੱਦੇ ਤੇ ਪਿਆਰ ਰੱਖਣ ਵਾਲਾ ਸੀ ,ਨੂੰ ਅਕਾਲੀ ਦਲ ਦੇ ਹੁਕਮਰਾਨਾਂ ਨੇ ਆਪਣੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੁੱਤਰ ਮੋਹ ਜਾਲ ਚ ਫਸਾ ਕੇ ਰਾਜਸੀ ਗਤੀਵਿਧੀਆਂ ਚੋਂ ਸਾਫ ਕਰ ਦਿੱਤਾ ।ਉਸ ਦੇ ਪੁੱਤਰਾਂ ਨੂੰ ਇਹ ਹਦਾਇਤ ਕਰ ਦਿੱਤੀ ਕਿ ਜਥੇਦਾਰ ਤਲਵੰਡੀ ਨੂੰ ਅਕਾਲੀ ਦਲ ਦੇ ਵਿਰੁੱਧ ਚੱਲਣ ਵਾਲੇ ਨੇਤਾਵਾਂ ਨਾਲ ਨਾ ਮਿਲਣ ਦਿੱਤਾ ਜਾਵੇ, ਸਗੋਂ ਤਲਵੰਡੀ ਸਾਹਿਬ ਸਰਕਾਰ ਵਿਰੁੱਧ ਬਿਆਨਬਾਜ਼ੀ ਕਰਕੇ ਸਮੱਸਿਆ ਪੈਦਾ ਕਰ ਦਿੰਦੇ ਹਨ ।

ਲੰਬੇ ਸਮੇਂ ਤੋਂ ਨੁੱਕਰੇ ਲਗਾਏ ਗਏ ਜਥੇ ਤਲਵੰਡੀ ਦੇ ਵੱਡੇ ਸਪੁੱਤਰ ਰਣਜੀਤ ਸਿੰਘ ਤਲਵੰਡੀ ਨੂੰ ਪਾਰਟੀ ਅੰਦਰ ਬਗਾਵਤ ਸ਼ੁਰੂ ਹੋਣ ਸੁਖਬੀਰ ਬਾਦਲ ਵੱਲੋਂ ਜਨਰਲ ਸਕੱਤਰ ਦਾ ਅਹੁਦਾ ਦੇਣਾ ਪਾਰਟੀ ਦੇ ਅੰਦਰ ਉੱਠਣ ਵਾਲੀ ਬਗਾਵਤ ਨੂੰ ਰੋਕਣਾ ਸੀ । ਆਪਣੇ ਪਿਤਾ ਵਾਂਗ ਗੱਲ ਮੂੰਹ ਤੇ ਕਹਿਣ ਵਾਲੇ ਰਣਜੀਤ ਸਿੰਘ ਤਲਵੰਡੀ ਨੇ ਢੀਂਡਸਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੁੱਲ ਬਖਸਾਉਣ ਦੀ ਕੀਤੀ ਅਰਦਾਸ ਤੋਂ ਬਾਅਦ ਚੁੱਪ ਚਪੀਤੇ ਜਾ ਕੇ ਅਰਦਾਸ ਕਰਕੇ ਜੂਠੇ ਬਰਤਨ ਧੋਣ ਤੇ ਪ੍ਰਕਰਮਾ ਦੀ ਸਫਾਈ ਦੀ ਸੇਵਾ ਕੀਤੀ ਸੀ । ਰਣਜੀਤ ਤਲਵੰਡੀ ਨੇ ਇੱਕ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਹ ਕਹਿ ਦਿੱਤਾ ਸੀ ਕਿ ਸਾਰੇ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨੂੰ ਧਾਰਮਿਕ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਲੋਕਾਂ ਨੂੰ ਕਿਉਂ ਨਹੀਂ ਸਜਾ ਦਿੰਦੇ ਜਿਨ੍ਹਾਂ ਨੇ ਸਾਰਿਆਂ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਕੋਲ ਵੋਟਾਂ ਦੀ ਭੇਜਿਆ ਸੀ । ਸਮਝਿਆ ਜਾ ਰਿਹਾ ਹੈ ਕਿ ਨਵੀਂ ਨੀਤੀ ਤਹਿਤ ਸੁਖਬੀਰ ਬਾਦਲ ਵੱਲੋਂ ਜਥੇਦਾਰ ਤਲਵੰਡੀ ਦੇ ਛੋਟੇ ਸਪੁੱਤਰ ਜਗਜੀਤ ਸਿੰਘ ਤਲਵੰਡੀ ਦੀ ਲਾਟਰੀ ਕੱਢਦਿਆਂ ਉਸ ਨੂੰ ਜਿੱਥੇ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਮੈਂਬਰ ਬਣਾਇਆ ਅਤੇ ਹੁਣ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ।

ਮਾਝੇ ਦੇ ਵੱਡੇ ਤਿੰਨ ਆਗੂ ਰਣਜੀਤ ਸਿੰਘ ਬ੍ਰਹਮਪੁਰਾ ,ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਵੱਲੋਂ ਬਾਦਲ ਦਲ ਨੂੰ ਅਲਵਿਦਾ ਆਖਣ ਤੋਂ ਬਾਅਦ ਹੁਣ ਮਾਝੇ ਦੇ ਆਖਰੀ ਜਰਨੈਲ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਵੱਲੋਂ ਵੀ ਤਿੱਖੇ ਤੇਵਰ ਦਿਖਾਉਣ ਦੇ ਰੌਅ ਵਿੱਚ ਜਾਪਦੇ ਹਨ । ਪਿਛਲੇ ਹਫਤੇ ਨਿਰਮਲ ਸਿੰਘ ਕਾਹਲੋਂ ਨੇ ਆਪਣੇ ਨਜ਼ਦੀਕੀਆਂ ਦੀ ਮੀਟਿੰਗ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਅਚੰਭੇ ਚ ਪਾ ਦਿੱਤਾ ਹੈ ।ਫਤਹਿਗੜ੍ਹ ਚੂੜੀਆਂ ਤੋਂ ਉਸ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ ਨੂੰ ਹਲਕਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਉਹ ਖੁਦ ਡੇਰਾ ਬਾਬਾ ਨਾਨਕ ਤੋਂ ਟਿਕਟ ਆਪਣੇ ਲਈ ਮੰਗ ਕਰ ਰਹੇ ਹਨ , ਜਦਕਿ ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਵੱਲੋਂ ਸੁੱਚਾ ਸਿੰਘ ਲੰਗਾਹ ਦੀ ਬੈਕਡੋਰ ਐਂਟਰੀ ਕੀਤੀ ਜਾ ਰਹੀ ਹੈ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਲੰਗਾਹ ਦੇ ਪੁੱਤਰ ਨੂੰ ਹਲਕਾ ਡੇਰਾ ਬਾਬਾ ਨਾਨਕ ਦਾ ਹਲਕਾ ਇੰਚਾਰਜ ਲਗਾਉਣ ਦੀ ਤਿਆਰੀ ਹੈ । ਬਟਾਲਾ ਤੋਂ ਵਿਧਾਇਕ ਸੁਖਦੇਵ ਸਿੰਘ ਲੋਧੀਨੰਗਲ ਦੇਵੀ ਨਜ਼ਰ ਹੈ ਪਰ ਉਨ੍ਹਾਂ ਵੱਲੋਂ ਪਾਰਟੀ ਪ੍ਰਤੀ ਨਿਰਾਸ਼ਤਾ ਜਤਾਈ ਜਾ ਰਹੀ ਹੈ ,ਕਿਉਂਕਿ ਉਸ ਨੂੰ ਹਲਕਾ ਡੇਰਾ ਬਾਬਾ ਨਾਨਕ ਤੋਂ ਆਉਂਦੀਆਂ ਵਿਧਾਨ ਸਭਾ ਲਈ ਚੋਣ ਲੜਾਉਣ ਦਾ ਵਾਅਦਾ ਕੀਤਾ ਗਿਆ ਸੀ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਵਿਧਾਇਕ ਲੋਧੀਨੰਗਲ ਵੱਲੋਂ ਤਾਂ ਰੋਸ ਵਜੋਂ ਇਸ ਵਾਰ ਦੇ ਵਿਧਾਨ ਸਭਾ ਦੇ ਸੈਸ਼ਨ ਦਾ ਇੱਕ ਤਰ੍ਹਾਂ ਦਾ ਬਾਈਕਾਟ ਹੀ ਰੱਖਿਆ ਸੀ ਕਿਉਂਕਿ ਉਸ ਵੱਲੋਂ ਸੈਸ਼ਨ ਤੋਂ ਦੂਰੀ ਹੀ ਰੱਖੀ ਗਈ ਸੀ । ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਸੁਖਬੀਰ ਬਾਦਲ ਦੀ ਇੱਕ ਤੀਰ ਨਾਲ ਦੋ ਸ਼ਿਕਾਰ ਵਾਲੀ ਨੀਤੀ ਕੀ ਰੰਗ ਲਿਆਵੇਗੀ।