• Home
  • “ਆਪ” ਨੇ ਚੋਣ ਕਮਿਸ਼ਨ ਕੋਲ ਸਪੀਕਰ ਦੀ ਕੀਤੀ ਸ਼ਿਕਾਇਤ ,ਕਿਹਾ ਪਵਿੱਤਰ ਅਹੁਦੇ ਦੇ ਕਾਬਲ ਨਹੀਂ ਹੈ ਰਾਣਾ ਕੇ.ਪੀ. ਸਿੰਘ:- ਪੜ੍ਹੋ ਹੋਰ ਕੀ ਲਿਖਿਆ

“ਆਪ” ਨੇ ਚੋਣ ਕਮਿਸ਼ਨ ਕੋਲ ਸਪੀਕਰ ਦੀ ਕੀਤੀ ਸ਼ਿਕਾਇਤ ,ਕਿਹਾ ਪਵਿੱਤਰ ਅਹੁਦੇ ਦੇ ਕਾਬਲ ਨਹੀਂ ਹੈ ਰਾਣਾ ਕੇ.ਪੀ. ਸਿੰਘ:- ਪੜ੍ਹੋ ਹੋਰ ਕੀ ਲਿਖਿਆ


ਚੰਡੀਗੜ, 5 ਮਈ
   ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਉੱਤੇ ਆਪਣੇ ਅਹੁਦੇ ਦੀ ਗਰਿਮਾ ਅਤੇ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਛਿੱਕੇ ਟੰਗਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ‘ਆਪ’ ਨੇ ਚੋਣ ਕਮਿਸ਼ਨ ਕੋਲ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਰਾਜਪਾਲ ਕੋਲ ਰਾਣਾ ਕੇ.ਪੀ ਸਿੰਘ ਨੂੰ ਸਪੀਕਰ ਦੇ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਜ਼ੋਰਦਾਰ ਸਿਫ਼ਾਰਿਸ਼ ਕਰਨ।
    ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪਿ੍ਰੰਸੀਪਲ ਬੁੱਧਰਾਮ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਵੱਲੋਂ ਕੀਤੀ ਗਈ ਸ਼ਿਕਾਇਤ ‘ਚ ਰਾਣਾ ਕੇ.ਪੀ. ਸਿੰਘ ‘ਤੇ ਦਲ ਬਦਲੀ (ਐਂਟੀ ਡਿਫੈਕਸ਼ਨ) ਕਾਨੂੰਨ ਦੀਆਂ ਖ਼ੁਦ ਧੱਜੀਆਂ ਉਡਾ ਕੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ ‘ਚ ਸ਼ਾਮਲ ਕਰਵਾਇਆ ਹੈ। 
    ‘ਆਪ’ ਦੇ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਸਿੰਘ ਅਰੋੜਾ ਰਾਹੀਂ ਕੀਤੀ ਗਈ ਇਸ ਸ਼ਿਕਾਇਤ ‘ਚ ‘ਆਪ’ ਆਗੂਆਂ ਨੇ ਕਿਹਾ ਹੈ ਕਿ ਲੋਕਤੰਤਰ ਦਾ ਮੰਦਰ ਮੰਨੀ ਜਾਂਦੀ ਵਿਧਾਨ ਸਭਾ ਦੇ ਪਵਿੱਤਰ ਸਦਨ ਦਾ ਸਪੀਕਰ ਸਰਪ੍ਰਸਤ ਹੁੰਦਾ ਹੈ ਜਿਸ ਕੋਲ ਸਦਨ ਅਤੇ ਸੰਵਿਧਾਨਿਕ ਜ਼ਿੰਮੇਵਾਰੀਆਂ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨਿਭਾਉਣ ਦੀ ਪਵਿੱਤਰ ਜ਼ਿੰਮੇਵਾਰੀ ਹੁੰਦੀ ਹੈ। ਸਪੀਕਰ ਕਿਸੇ ਇੱਕ ਧਿਰ ਦਾ ਪ੍ਰਤੀਨਿਧ ਨਹੀਂ ਕਰਦਾ ਸਗੋਂ ਸਾਰੀਆਂ ਸਿਆਸੀ ਧਿਰਾਂ ਦੇ ਨਿਰਪੱਖ  ਨੁਮਾਇੰਦੇ ਵਜੋਂ ਵਿਚਰਦਾ ਹੈ, ਪਰੰਤੂ ਰਾਣਾ ਕੇ.ਪੀ. ਸਿੰਘ ਨੇ ਸਾਰੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਨੂੰ ਲਾਂਭੇ ਸੁੱਟ ਕੇ ਅਮਰਜੀਤ ਸਿੰਘ ਸੰਦੋਆ ਦੀ ਕਾਂਗਰਸ ‘ਚ ਸ਼ਮੂਲੀਅਤ ਕਰਵਾਈ ਹੈ। ਜਿਸ ਦੀ ਪੁਸ਼ਟੀ ਮੀਡੀਆ ‘ਚ ਛਪੀਆਂ ਫ਼ੋਟੋਆਂ ਅਤੇ ਖ਼ਬਰਾਂ ਵੀ ਕਰਦੀਆਂ ਹਨ ਅਤੇ ਪ੍ਰਤੱਖ ਦਰਸ਼ੀ ਵੀ ਕਰਦੇ ਹਨ। ‘ਆਪ’ ਆਗੂਆਂ ਨੇ ਦੱਸਿਆ ਸਪੀਕਰ ਅਮਰਜੀਤ ਸਿੰਘ ਸੰਦੋਆ ਨੂੰ ਪਹਿਲਾਂ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਲੈ ਕੇ ਗਏ। ਫਿਰ ਖ਼ੁਦ ਨੇ ਹੀ ਕਾਂਗਰਸੀ ਪਟਾ ਕੈਪਟਨ ਨੂੰ ਫੜਾ ਕੇ ਸੰਦੋਆ ਦੇ ਗਲ ‘ਚ ਪਵਾਇਆ, ਜਿਸ ਦੀਆਂ ਫ਼ੋਟੋਆਂ ਸਬੂਤ ਵਜੋਂ ਮੀਡੀਆ ਅਤੇ ਸੋਸ਼ਲ ਮੀਡੀਆ ‘ਚ ਘੁੰਮ ਰਹੀਆਂ ਹਨ। 
    ‘ਆਪ’ ਆਗੂਆਂ ਅਨੁਸਾਰ ਜਦੋਂ ਪਵਿੱਤਰ ਸਦਨ ਦਾ ਸਰਪ੍ਰਸਤ ਸਪੀਕਰ ਖ਼ੁਦ ਹੀ ਦਲ ਬਦਲੀ ਕਾਨੂੰਨ ਦੀਆਂ ਧੱਜੀਆਂ ਉਡਾਏਗਾ ਤਾਂ ਸਦਨ ਦੀ ਗਰਿਮਾ ਅਤੇ ਮਹਿਮਾ ਕਿਵੇਂ ਕਾਇਮ ਰਹਿ ਸਕਦੀ ਹੈ। ਇਸ ਲਈ ਰਾਣਾ ਕੇ.ਪੀ. ਸਿੰਘ ਪੰਜਾਬ ਵਿਧਾਨ ਸਭਾ ‘ਚ ਸਪੀਕਰ ਦੇ ਸਿਰਮੌਰ ਅਹੁਦੇ ‘ਤੇ ਬਣੇ ਰਹਿਣ ਦੇ ਲਾਇਕ ਨਹੀਂ ਹਨ, ਰਾਜਪਾਲ ਪੰਜਾਬ ਕੋਲ ਰਾਣਾ ਕੇ.ਪੀ. ਸਿੰਘ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਿਸ਼ ਕੀਤੀ ਜਾਵੇ।