• Home
  • ਹਥਿਆਰਬੰਦ ਲੁਟੇਰਿਆਂ ਨੇ ਵਪਾਰੀ ਪਰਿਵਾਰ ਨੂੰ ਬੰਦੀ ਬਣਾ ਕੇ 7 ਲੱਖ ਨਕਦੀ ਤੇ ਗਹਿਣੇ ਲੁੱਟੇ

ਹਥਿਆਰਬੰਦ ਲੁਟੇਰਿਆਂ ਨੇ ਵਪਾਰੀ ਪਰਿਵਾਰ ਨੂੰ ਬੰਦੀ ਬਣਾ ਕੇ 7 ਲੱਖ ਨਕਦੀ ਤੇ ਗਹਿਣੇ ਲੁੱਟੇ

ਅਹਿਮਦਗੜ : ਸੰਗਰੂਰ ਜ਼ਿਲੇ ਦੀ ਸਬ ਡਵੀਜ਼ਨ ਅਹਿਮਦਗੜ ਵਿਖੇ ਬੀਤੀ ਰਾਤ ਇੱਕ ਵਪਾਰੀ ਦੇ ਘਰ ਨੂੰ ਹਥਿਆਰਬੰਦ ਲੁਟੇਰਿਆਂ ਨੇ ਉਸ ਸਮੇਂ ਨਿਸ਼ਾਨਾ ਬਣਾ ਕੇ ਲੱਖਾਂ ਦੀ ਲੁੱਟ ਕੀਤੀ ਜਦੋਂ ਉਹ ਆਪਣੇ ਘਰ ਵਿੱਚ ਚੈਨ ਦੀ ਨੀਂਦ ਸੁੱਤੇ ਪਏ ਸਨ।  ਮਿਲੀ ਜਾਣਕਾਰੀ ਅਨੁਸਾਰ ਵਪਾਰੀ 60 ਸਾਲਾ ਵਿਜੈ ਕੁਮਾਰ ਆਪਣੇ ਘਰ 'ਚ ਮੌਜੂਦ ਸੀ। ਵਪਾਰੀ ਤੇ ਉਸ ਦੀ ਪਤਨੀ ਹੇਠਲੀ ਮੰਜ਼ਿਲ 'ਤੇ ਸੁੱਤੇ ਪਏ ਸਨ ਜਦਕਿ ਉਸ ਦਾ ਪੁੱਤਰ ਰਮਨ ਕੁਮਾਰ ਆਪਣੇ ਪਰਿਵਾਰ ਨਾਲ ਉਪਰਲੀ ਮੰਜ਼ਿਲ 'ਤੇ ਸੁੱਤਾ ਪਿਆ ਸੀ।


ਸੂਤਰਾਂ ਨੇ ਦਸਿਆ ਬੀਤੀ ਰਾਤ ਕਰੀਬ 2 ਵਜੇ ਸਿਰੋਂ ਮੋਨੇ 4 ਲੁਟੇਰੇ ਜਿਨਾਂ 'ਚੋਂ ਦੋ ਕੋਲ ਦੇਸੀ ਪਿਸਤੌਲ ਸਨ ਤੇ ਇੱਕ ਕੋਲ ਚਾਕੂ ਸੀ ਅਤੇ ਇੱਕ ਕੋਲ ਲੋਹੇ ਦੀ ਰਾਡ ਸੀ, ਜਿਹੜੇ ਕਿ ਵਿਜੈ ਕੁਮਾਰ ਦੇ ਘਰ 'ਚ ਗਵਾਂਢ 'ਚ ਬਣ ਰਹੇ ਮਕਾਨ ਰਾਹੀਂ ਛੱਤ ਦੇ ਉਤੋਂ ਦੀ ਦਾਖ਼ਲ ਹੋਏ। ਖੜਕਾਹਟ ਸੁਣ ਕੇ ਜਦੋਂ ਰਮਨ ਕੁਮਾਰ ਦੀ ਪਤਨੀ ਨੇ ਦਰਵਾਜ਼ਾ ਖੋਲਿਆ ਤਾਂ ਇੱਕ ਲੁਟੇਰੇ ਨੇ ਗੋਲੀ ਚਲਾ ਦਿੱਤੀ ਜੋ ਕਿ ਕੰਧ ਵਿੱਚ ਵੱਜੀ ਪਰ ਉਸ ਦੇ ਸ਼ਰੇ ਰਮਨ ਦੀ ਪਤਨੀ ਦੇ ਵੀ ਲੱਗੇ। ਇਸ ਤੋਂ ਬਾਅਦ ਲੁਟੇਰਿਆਂ ਨੇ ਦੋਹਾਂ ਨੂੰ ਪਿਸਤੌਲ ਦੀ ਨੋਕ 'ਤੇ ਬੰਦੀ ਬਣਾ ਕੇ ਵਿਜੇ ਕੁਮਾਰ ਦਾ ਦਰਵਾਜ਼ਾ ਖੁਲਵਾਇਆ।
ਇਸ ਸਮੇਂ ਵਿਜੈ ਕੁਮਾਰ ਨੇ ਇੱਕ ਹਥਿਆਰਬੰਦ ਲੁਟੇਰੇ ਨੂੰ ਜਦੋਂ ਜੱਫਾ ਮਾਰਿਆ ਤਾਂ ਦੂਜੇ ਨੇ ਰਾਡ ਨਾਲ ਵਿਜੈ ਕੁਮਾਰ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਨਾਂ ਦੀ ਮੰਗ 'ਤੇ 7 ਲੱਖ ਨਕਦੀ ਅਤੇ ਕਰੀਬ 3 ਲੱਖ ਦੇ ਸੋਨੇ ਦੇ ਗਹਿਣੇ ਉਨਾਂ ਨੇ ਕਢਵਾ ਲਏ। ਜਾਂਦੇ ਹੋਏ ਲੁਟੇਰੇ ਸਾਰੇ ਪਰਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਵੀ ਨਾਲ ਲੈ ਗਏ।
ਸਵੇਰਸਾਰ ਸਹਿਮੇ ਹੋਏ ਪਰਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਐਸ ਪੀ ਡੀ ਗੁਰਮੀਤ ਸਿੰਘ ਅਤੇ ਡੀ ਐਸ ਪੀ ਪਲਵਿੰਦਰ ਸਿੰਘ ਚੀਮਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਮੋਕੇ ਜਿਥੇ ਜ਼ਿਲਾ ਪੁਲਿਸ ਨੇ ਸੀਸੀਟੀਵੀ ਫੁਟੇਜ਼ ਨੂੰ ਕਬਜ਼ੇ 'ਚ ਲੈ ਲਿਆ ਹੈ ਉਥੇ ਡਾਗ ਸੁਕਐਡ ਤੇ ਫਿੰਗਰ ਪ੍ਰਿੰਟ ਮਾਹਰਾਂ ਦੀ ਮਦਦ ਵੀ ਲਈ ਜਾ ਰਹੀ ਹੈ।