• Home
  • ਭਾਰਤ-ਵੈਸਟ ਇੰਡੀਜ਼ ਟੈਸਟ ਲੜੀ ਦਾ ਪਹਿਲਾ ਮੈਚ ਭਲਕੇ, ਪਹਿਲੇ ਨੰਬਰ ‘ਤੇ ਬਰਕਰਾਰ ਰਹਿਣ ਦੀ ਕੋਸ਼ਿਸ਼ ਕਰੇਗਾ ਭਾਰਤ

ਭਾਰਤ-ਵੈਸਟ ਇੰਡੀਜ਼ ਟੈਸਟ ਲੜੀ ਦਾ ਪਹਿਲਾ ਮੈਚ ਭਲਕੇ, ਪਹਿਲੇ ਨੰਬਰ ‘ਤੇ ਬਰਕਰਾਰ ਰਹਿਣ ਦੀ ਕੋਸ਼ਿਸ਼ ਕਰੇਗਾ ਭਾਰਤ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਭਲਕੇ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਕ੍ਰਿਕਟ ਟੈਸਟ ਲੜੀ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਰਾਜਕੋਟ ਵਿਖੇ ਖੇਡਿਆ ਜਾਵੇਗਾ। ਇਸ ਲੜੀ 'ਚ ਭਾਰਤ ਦਾ ਪੱਲੜਾ ਭਾਰੀ ਲੱਗ ਰਿਹਾ ਹੈ ਕਿਉਂਕਿ ਪਿਛਲੇ 24 ਸਾਲ ਤੋਂ ਵੈਸਟ ਇੰਡੀਜ਼ ਨੇ ਭਾਰਤ 'ਚ ਆ ਕੇ ਕੋਈ ਲੜੀ ਨਹੀਂ ਜਿੱਤੀ। ਇਸ ਸਥਿਤੀ 'ਚ ਭਾਰਤ ਦੀ ਟੈਸਟ ਰੈਕਿੰਗ 'ਚ ਪਹਿਲੇ ਸਥਾਨ 'ਤੇ ਬਣੇ ਰਹਿਣ ਦੀ ਪੂਰੀ ਕੋਸ਼ਿਸ਼ ਰਹੇਗੀ। ਭਾਵੇਂ ਭਾਰਤ ਇੰਗਲੈਂਡ ਤੋਂ 4-1 ਨਾਲ ਲੜੀ ਹਾਰ ਗਿਆ ਸੀ ਪਰ ਉਹ ਪਹਿਲੇ ਸਥਾਨ 'ਤੇ ਬਰਕਰਾਰ ਹੈ। ਇਸ ਸਮੇਂ ਦੂਜੇ ਸਥਾਨ 'ਤੇ ਦਖਣੀ ਅਫ਼ਰੀਕਾ ਤੇ ਆਸਟਰੇਲੀਆ ਹਨ ਜਿਨਾਂ ਦੇ 106-106 ਅੰਕ ਹਨ ਤੇ ਭਾਰਤ ਦੇ 115 ਅੰਕ ਹਨ। ਇਸ ਸਮੇਂ ਵੈਸਟ ਇੰਡੀਜ਼ 8ਵੇਂ ਸਥਾਨ 'ਤੇ ਹੈ ਤੇ ਜੇਕਰ ਉਹ ਭਾਰਤ ਨੂੰ 2-0 ਨਾਲ ਲੜੀ ਹਰਾ ਦਿੰਦਾ ਹੈ ਤਾਂ ਭਾਰਤ ਦੇ 108 ਅੰਕ ਰਹਿ ਜਾਣਗੇ। ਉਧਰ ਜੇ ਆਸਟਰੇਲੀਆ ਪਾਕਿਸਤਾਨ ਨੂੰ 2-0 ਨੂੰ ਹਰਾ ਦਿੰਦਾ ਹੈ ਤਾਂ ਉਹ ਪਹਿਲੇ ਸਥਾਨ 'ਤੇ ਕਾਬਜ਼ ਹੋ ਜਾਵੇਗਾ।
ਭਾਰਤ ਵਲੋਂ ਸਲਾਮੀ ਜੋੜੀ ਨਵੀਂ ਉਤਾਰੀ ਜਾ ਸਕਦੀ ਹੈ। ਇਸ ਮੈਚ 'ਚ ਪ੍ਰਿਥਵੀ ਸ਼ਾਹ ਦਾ ਡੈਬਿਊ ਹੋਣਾ ਪੱਕਾ ਮੰਨਿਆ ਜਾ ਰਿਹਾ ਹੈ ਤੇ ਮਿਯੰਕ ਅਗਰਵਾਲ ਨੂੰ ਥੋੜੀ ਉਡੀਕ ਕਰਨੀ ਪੈ ਸਕਦੀ ਹੈ।
ਉਧਰ ਆਲੋਚਨਾਵਾਂ ਦਾ ਨਿਸ਼ਾਨਾ ਬਣੇ ਰਵੀ ਸ਼ਾਸਤਰੀ ਨੇ ਮੌਜੂਦਾ ਟੀਮ ਨੂੰ ਸਰਬੋਤਮ ਕਿਹਾ ਹੈ ਤੇ ਇਸ ਟੀਮ ਨੂੰ ਜਿੱਤਣ ਦੇ ਸਮਰਥ ਦਸਿਆ ਹੈ।