• Home
  • ਫ਼ਾਜ਼ਿਲਕਾ ਵਾਸੀਆਂ ਨੂੰ 11ਵੇਂ ਦੋ ਸਾਲਾ ਕੌਮੀ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਸੱਦਾ -ਪਹਿਲੀਆਂ ਤਿੰਨ ਸਰਬੋਤਮ ਖੋਜਾਂ ਨੂੰ 5 ਲੱਖ, 3 ਲੱਖ ਤੇ ਅਤੇ 1 ਲੱਖ ਰੁਪਏ ਦੇ ਦਿੱਤੇ ਜਾਣਗੇ ਇਨਾਮ

ਫ਼ਾਜ਼ਿਲਕਾ ਵਾਸੀਆਂ ਨੂੰ 11ਵੇਂ ਦੋ ਸਾਲਾ ਕੌਮੀ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਸੱਦਾ -ਪਹਿਲੀਆਂ ਤਿੰਨ ਸਰਬੋਤਮ ਖੋਜਾਂ ਨੂੰ 5 ਲੱਖ, 3 ਲੱਖ ਤੇ ਅਤੇ 1 ਲੱਖ ਰੁਪਏ ਦੇ ਦਿੱਤੇ ਜਾਣਗੇ ਇਨਾਮ

ਫ਼ਾਜ਼ਿਲਕਾ, : ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਵਿਗਿਆਨ ਅਤੇ ਤਕਨਾਲੌਜੀ ਵਿਭਾਗ, ਭਾਰਤ ਸਰਕਾਰ ਦੀ ਖ਼ੁਦਮੁਖ਼ਤਿਆਰ ਸੰਸਥਾ ਕੌਮੀ ਇਨੋਵੇਸ਼ਨ ਫ਼ਾਊਂਡੇਸ਼ਨ (ਐਨ.ਆਈ.ਐਫ਼.) ਦੇ 11ਵੇਂ ਦੋ ਸਾਲਾ ਕੌਮੀ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ  ਮੁਕਾਬਲੇ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਤਕਨੀਕੀ ਖੋਜਕਾਰਾਂ ਅਤੇ ਪ੍ਰੰਪਰਾਗਤ ਗਿਆਨ ਦੇ ਮਾਹਰਾਂ ਦੀ ਸ਼ਨਾਖ਼ਤ, ਉਨ੍ਹਾਂ ਨੂੰ ਸਨਮਾਨ ਦੇਣਾ ਅਤੇ ਐਵਾਰਡ ਦੇਣਾ ਹੈ। ਸ. ਛੱਤਵਾਲ ਨੇ ਕਿਹਾ ਕਿ ਬਿਨਾਂ ਸਹਾਇਤਾ ਤਕਨੀਕੀ ਖੋਜਾਂ, ਵਿਚਾਰਾਂ ਅਤੇ ਉੱਤਮ ਪ੍ਰੰਪਰਾਗਤ ਗਿਆਨ ਸਬੰਧੀ 11ਵੇਂ ਦੋ ਸਾਲਾ ਕੌਮੀ ਮੁਕਾਬਲੇ ਲਈ ਜ਼ਮੀਨੀ ਪੱਧਰ 'ਤੇ ਕੁਦਰਤ ਨੂੰ ਪ੍ਰਣਾਏ ਅਤੇ ਬਿਨਾਂ ਸਹਾਇਤਾ ਤਕਨੀਕੀ ਨਵੀਨ ਖੋਜਾਂ ਕਰਨ ਵਾਲੇ , ਵਿਚਾਰਵਾਨਾਂ ਅਤੇ ਉੱਤਮ ਪ੍ਰੰਪਰਾਗਤ ਗਿਆਨ ਦੇ ਮੁਕਾਮੀ ਮਾਹਰ ਕਿਸੇ ਇੱਕ ਵਿਅਕਤੀ ਜਾਂ ਸਮੂਹ ਜਿਵੇਂ ਕਿਸਾਨਾਂ, ਕਾਰੀਗਰਾਂ, ਮਛੇਰਿਆਂ ਅਤੇ ਔਰਤਾਂ, ਝੁੱਗੀ ਝੋਂਪੜੀ ਵਾਸੀਆਂ, ਵਰਕਸ਼ਾਪ ਦੇ ਮਕੈਨਿਕਾਂ ਆਦਿ ਆਪਣੀ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਖੋਜਾਂ ਖੇਤੀਬਾੜੀ, ਮਸ਼ੀਨਾਂ, ਖੇਤੀ ਜਾਂ ਗ਼ੈਰ ਖੇਤੀ ਕਾਰਜਾਂ ਲਈ ਪ੍ਰੋਸੈਸਿੰਗ ਜਾਂ ਉਤਪਾਦਾਂ, ਘਰੇਲੂ ਉਪਯੋਗਤਾ, ਆਵਾਜਾਈ, ਊਰਜਾ ਸੰਭਾਲ ਜਾਂ ਪੈਦਾਵਾਰ, ਔਖੇ ਕੰਮ ਨੂੰ ਸੌਖਾ ਕਰਨ, ਪੌਦਿਆਂ ਦੀ ਕਿਸਮਾਂ ਦੇ ਵਿਕਾਸ, ਮਨੁੱਖੀ/ਜੀਵਾਂ ਦੀਆਂ ਸਮੱਸਿਆਵਾਂ ਲਈ ਜੜ੍ਹੀ-ਬੂਟਿਆਂ ਦੇ ਵਿਕਾਸ ਜਾਂ ਘੱਟ ਖ਼ਰਚੇ ਵਾਲੀ ਕਿਸੇ ਵੀ ਹੋਰ ਸਥਾਈ ਤੇ ਕੁਦਰਤੀ ਤਕਨੀਕ ਦੇ ਖੇਤਰ ਵਿੱਚ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੋਜਾਂ ਬਾਹਰੀ ਏਜੰਸੀਆਂ ਦੀ ਕਿਸੇ ਵੀ ਤਕਨੀਕੀ ਸਹਾਇਤਾ ਤੋਂ ਬਿਨਾਂ ਅਤੇ ਖ਼ੁਦ ਦੀ ਰਚਨਾਤਮਕਤਾ ਦਾ ਨਤੀਜਾ ਹੋਣੀਆਂ ਚਾਹੀਦੀਆਂ ਹਨ। ਸ. ਛੱਤਵਾਲ ਨੇ ਕਿਹਾ ਕਿ ਔਰਤਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵੀ ਉੱਤਮ ਪ੍ਰੰਪਰਾਗਤ ਗਿਆਨ ਅਤੇ ਖੋਜਾਂ ਲਈ ਵਿਸ਼ੇਸ਼ ਐਵਾਰਡ ਦਿੱਤੇ ਜਾਣਗੇ। ਇਸੇ ਤਰ੍ਹਾਂ ਸਕੂਲ ਜਾਣ ਵਾਲੇ ਜਾਂ ਨਾ ਜਾਣੇ ਵਾਲੇ ਬੱਚੇ ਵੀ ਮੁਕਾਬਲੇ ਵਿੱਚ ਆਪਣੇ ਮੂਲ ਵਿਚਾਰ ਪੇਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੀਨਤਮ ਤਕਨੀਕਾਂ ਦੇ ਵਿਚਾਰ ਰਚਨਾਤਮਕ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਤਰ੍ਹਾਂ ਨਾਲ ਵਿਕਸਿਤ ਤਕਨੀਕ ਦੀ ਨਕਲ ਨਾ ਹੋਣ।  ਸ. ਛੱਤਵਾਲ ਨੇ ਕਿਹਾ ਕਿ ਹਰ ਵਰਗ ਵਿੱਚ ਪਹਿਲੀਆਂ ਤਿੰਨ ਸਰਬੋਤਮ ਖੋਜਾਂ ਨੂੰ 5,00,000 (ਕੌਮੀ ਪਹਿਲਾ), 3,00,000 (ਕੌਮੀ ਦੂਜਾ) ਅਤੇ 1,00,000 (ਕੌਮੀ ਤੀਜਾ) ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਚਿਰਸਥਾਈ ਰਚਨਾਤਮਕਤਾ ਦੇ ਪ੍ਰਦਰਸ਼ਨ ਵਾਲੇ ਸਰਬੋਤਮ ਖੋਜਕਾਰ ਜਾਂ ਸੀਰੀਅਲ ਖੋਜਕਾਰ ਨੂੰ 7,50,000 ਰੁਪਏ ਦਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਮਾਜਿਕ ਤੇ ਵਾਤਾਵਰਣ 'ਤੇ ਪ੍ਰਭਾਵ ਦੇ ਸਨਮੁਖ ਖੋਜ ਦੀ ਨਵੀਨਤਾ ਦੇ ਆਧਾਰ 'ਤੇ ਹਰ ਵਰਗ ਵਿੱਚ 10,000 ਰੁਪਏ ਦੇ ਕਈ ਹੌਸਲਾ ਵਧਾਊ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਭਿੰਨ ਵਰਗਾਂ ਵਿੱਚ 10,000 ਤੋਂ 7,50,000 ਲੱਖ ਰੁਪਏ ਤੱਕ ਵਾਲੇ ਇਨਾਮਾਂ ਵਿੱਚੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ, ਕੌਮੀ ਪਹਿਲਾ, ਦੂਜਾ ਤੇ ਤੀਜਾ ਐਵਾਰਡ ਪ੍ਰਾਪਤ ਕਰਨ ਵਾਲਿਆਂ ਨੂੰ ਕੁੱਲ ਇਨਾਮੀ ਦੀ ਰਾਸ਼ੀ ਦਾ 35 ਤੋਂ 52 ਫ਼ੀਸਦੀ ਮਹੀਨਵਾਰ ਫ਼ੈਲੋਸ਼ਿਪ ਦੇ ਰੂਪ ਵਿੱਚ ਦਿੱਤਾ ਜਾਵੇਗਾ। ਇਨ੍ਹਾਂ ਮਾਮਲਿਆਂ ਵਿੱਚ ਖੋਜਕਾਰ ਨੂੰ ਕੁੱਲ ਪੁਰਸਕਾਰ ਰਾਸ਼ੀ ਦਾ 15 ਫ਼ੀਸਦੀ ਉਸ ਦੇ ਭਾਈਚਾਰੇ ਅਤੇ ਵਾਤਾਵਰਣ ਲਈ ਸਵੈਇੱਛਕ ਯੋਗਦਾਨ ਵਜੋਂ ਦਿੱਤਾ ਜਾਵੇਗਾ। ਪੁਰਸਕਾਰ ਜੇਤੂ ਆਪਣੇ ਭਾਈਚਾਰ ਜਾਂ ਵਾਤਾਵਰਣ ਲਈ ਕੋਈ ਵੀ ਗਤੀਵਿਧੀ ਚੁਣਨ ਦਾ ਹੱਕਦਾਰ ਹੋਵੇਗਾ। ਯੋਗਤਾ ਦੇ ਮਾਪਦੰਡਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਦੇ ਅਸੰਗਠਤ ਖੇਤਰ ਦੇ ਵਿਅਕਤੀ, ਜਿਨ੍ਹਾਂ ਨੇ ਰਸਮੀ ਸੰਸਥਾਵਾਂ ਦੀ ਮਦਦ ਬਿਨਾਂ ਗੁਣਵੱਤਾ ਤੇ ਉਤਪਾਦਕਾ ਵਿੱਚ ਸੁਧਾਰ ਲਈ ਵਿਲੱਖਣ ਪ੍ਰਾਪਤੀ ਕੀਤੀ ਹੋਵੇ ਅਤੇ ਨੌਜਵਾਨ ਖੋਜਕਾਰ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵਿਸ਼ੇਸ਼ ਵਰਗ ਦੇ ਪੁਰਸਕਾਰ ਲਈ ਆਪਣੇ ਵਿਚਾਰ ਜਾਂ ਖੋਜਾਂ ਭੇਜਣ। ਉਨ੍ਹਾਂ ਕਿਹਾ ਕਿ ਵਿਅਕਤੀ ਵਿਸ਼ੇਸ਼ ਜਾਂ ਸਮੂਹ ਸਧਾਰਣ ਕਾਗ਼ਜ਼ 'ਤੇ ਆਪਣੇ ਵਿਚਾਰਾਂ/ਖੋਜਾਂ/ਪ੍ਰੰਪਰਾਗਤ ਗਿਆਨ ਸਬੰਧੀ ਤਕਨੀਕੀ ਵੇਰਵਾ ਲਿਖ ਕੇ ਲੋੜੀਂਦੇ ਸਕੈੱਚ, ਤਸਵੀਰਾਂ ਜਾਂ ਵੀਡੀਉ ਸਮੇਤ ਵੱਧ ਤੋਂ ਵੱਧ ਐਂਟਰੀਆਂ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ, ਜਿਨ੍ਹਾਂ ਨੇ ਜ਼ਮੀਨੀ ਪੱਧਰ 'ਤੇ ਖੋਜਾਂ ਅਤੇ ਪ੍ਰੰਪਰਾਗਤ ਗਿਆਨ ਨੂੰ ਸਾਂਭਣ ਵਿੱਚ ਵਿਲੱਖਣ ਯੋਗਦਾਨ ਪਾਇਆ ਹੋਵੇ, ਨੂੰ ਵੀ ਮਾਨਤਾ ਮਿਲ ਸਕਦੀ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਗਿਆਨ ਅਤੇ ਰਚਨਾਤਮਕਤਾ ਵਿੱਚ ਅਹਿਮ ਵਾਧਾ ਕਰਨ ਵਾਲੇ ਤਕਨਾਲੌਜਿਸਟਾਂ ਅਤੇ ਜ਼ਮੀਨੀ ਪੱਧਰ 'ਤੇ ਖੋਜਕਾਰਾਂ ਜਾਂ ਖੋਜਾਂ ਨੂੰ ਉਤਸ਼ਾਹਤ ਕਰਨ ਵਾਲੇ ਇਲੈਕਟ੍ਰਾਨਿਕ ਜਾਂ ਪ੍ਰਿੰਟ ਮੀਡੀਆ ਦੇ ਪੱਤਰਕਾਰ ਵੀ ਇਸ ਮੁਕਾਬਲੇ ਵਿੱਚ ਆਪਣੀ ਰਿਪੋਰਟ ਦੀ ਕਾਪੀ ਦਾਖ਼ਲ ਕਰਕੇ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਲਈ ਆਖ਼ਰੀ ਮਿਤੀ 31 ਮਾਰਚ ਤੱਕ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ ਅਤੇ ਵਧੇਰੇ ਜਾਣਕਾਰੀ ਲਈ ਫ਼ਾਊਂਡੇਸ਼ਨ ਦੀ ਵੈੱਬਸਾਈਟ www.nif.org.in 'ਤੇ ਵੇਖਿਆ ਜਾ ਸਕਦਾ ਹੈ।