• Home
  • 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਮਿਲੇਗੀ ਸਾਲਾਨਾ 6000 ਰੁਪਏ ਦੀ ਮਾਲੀ ਮਦਦ- ਯੋਜਨਾ ਦਾ ਲਾਭ ਲੈਣ ਲਈ 25 ਫਰਵਰੀ ਤੱਕ ਬਿਨੈ ਪੱਤਰ ਦੇਣ

5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਮਿਲੇਗੀ ਸਾਲਾਨਾ 6000 ਰੁਪਏ ਦੀ ਮਾਲੀ ਮਦਦ- ਯੋਜਨਾ ਦਾ ਲਾਭ ਲੈਣ ਲਈ 25 ਫਰਵਰੀ ਤੱਕ ਬਿਨੈ ਪੱਤਰ ਦੇਣ

ਲੁਧਿਆਣਾ, 24 ਫਰਵਰੀ-ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿੱਧੀ ਯੋਜਨਾ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਅੱਜ ਸਥਾਨਕ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਕੀਤਾ ਗਿਆ, ਜਿਸ ਵਿੱਚ ਖੇਤੀਬਾੜੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ/ਅਦਾਰਿਆਂ ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਿੱਧੀ ਆਰਥਿਕ ਸਹਾਇਤਾ ਦਿੱਤੀ ਜਾਣੀ ਹੈ। ਜਿਸ ਲਈ ਯੋਗ ਕਿਸਾਨ ਆਪਣੇ ਬਿਨੈ ਪੱਤਰ ਮਿਤੀ 25 ਫਰਵਰੀ, 2019 ਤੱਕ ਸਥਾਨਕ ਸਹਿਕਾਰੀ ਸਭਾਵਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਜੇਕਰ ਕੋਈ ਕਿਸਾਨ ਸਭਾ ਦਾ ਮੈਂਬਰ ਨਹੀਂ ਵੀ ਹੈ ਤਾਂ ਵੀ ਉਹ ਸਹਿਕਾਰੀ ਸਭਾ ਵਿੱਚ ਇਸ ਬਾਬਤ ਫਾਰਮ ਜਮ੍ਹਾਂ ਕਰਵਾ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਲਾਭ ਦਿੱਤਾ ਜਾਣਾ ਹੈ, ਜਿਨ੍ਹਾਂ ਦੀ ਕੁੱਲ ਮਾਲਕੀ 5 ਏਕੜ ਤੋਂ ਵੱਧ ਨਾ ਹੋਵੇ। ਅਜਿਹੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਹ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਸਿੱਧੇ ਤੌਰ ’ਤੇ ਪਾਈ ਜਾਵੇਗੀ। ਕਿਸਾਨਾਂ ਨੂੰ ਮਾਲੀ ਸਹਾਇਤਾ ਦੀ ਪਹਿਲੀ ਕਿਸ਼ਤ 1 ਦਸੰਬਰ, 2018 ਤੋਂ 31 ਮਾਰਚ, 2019 ਤੱਕ ਦਿੱਤੀ ਜਾਵੇਗੀ।  ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਸ ਯੋਜਨਾ ਦੇ ਗੋਰਖ਼ਪੁਰ (ਉੱਤਰ ਪ੍ਰਦੇਸ਼) ਤੋਂ ਕੀਤੇ ਆਗਾਜ਼ ਦਾ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਆਤਮਾ ਸ੍ਰ. ਜਸਪ੍ਰੀਤ ਸਿੰਘ ਵੱਲੋਂ ਆਤਮਾ ਯੋਜਨਾ ਅਧੀਨ ਰਜਿਸਟਰਡ ਸੈੱਲਫ਼ ਹੈੱਲਪ ਗਰੁੱਪਾਂ ਅਤੇ ਅਗਾਂਹਵਧੂ ਕਿਸਾਨਾਂ ਦੀ ਆਤਮਾ ਕਿਸਾਨ ਬਾਜ਼ਾਰ ਵਿੱਚ ਸ਼ਮੂਲੀਅਤ ਵੀ ਕਰਵਾਈ ਗਈ।  ਸਹਿਕਾਰੀ ਬੈਂਕ ਦੇ ਜ਼ਿਲ੍ਹਾ ਮੈਨੇਜਰ ਸ੍ਰ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਜ਼ਿਲ੍ਹਾ ਲੁਧਿਆਣਾ ਵਿੱਚ 59 ਹਜ਼ਾਰ ਕਿਸਾਨਾਂ ਦਾ ਡਾਟਾ ਅਪਲੋਡ ਕੀਤਾ ਜਾ ਚੁੱਕਾ ਹੈ। ਜੇਕਰ ਯੋਗ ਕਿਸਾਨ ਸਵੈ-ਘੋਸ਼ਣਾ ਪੱਤਰ ਦੇਣ ਤੋਂ ਰਹਿ ਗਏ ਹਨ ਤਾਂ ਉਹ ਪਿੰਡ ਦੀ ਖੇਤੀਬਾੜੀ ਸਭਾ ਵਿੱਚ ਤੁਰੰਤ ਦੇ ਸਕਦੇ ਹਨ। ਕੈਂਪ ਵਿੱਚ ਡਾ. ਵਰਿੰਦਰਜੀਤ ਸਿੰਘ ਭੰਡਾਰੀ, ਡਾ. ਹਰਦੇਵ ਸਿੰਘ, ਇੰਜੀ. ਅਮਨਪ੍ਰੀਤ ਸਿੰਘ ਘਈ ਅਤੇ ਹੋਰ ਵੀ ਹਾਜ਼ਰ ਸਨ।