• Home
  • ਅਮਨ ਅਰੋੜਾ ‘ਆਪ’ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ

ਅਮਨ ਅਰੋੜਾ ‘ਆਪ’ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਨਿਯੁਕਤ

ਅਮਨ ਅਰੋੜਾ ਦੀ ਕਾਬਲੀਅਤ ਤੇ ਸਿਆਸੀ ਤਜਰਬੇ ਦੇ ਆਧਾਰ ਉੱਤੇ ਸੌਂਪੀ ਗਈ ਅਹਿਮ ਜ਼ਿੰਮੇਵਾਰੀ-ਭਗਵੰਤ ਮਾਨ

ਚੰਡੀਗੜ੍ਹ 9 ਅਪ੍ਰੈਲ ;ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੀ ਪ੍ਰਚਾਰ ਕੰਪੇਨ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ। ਮੰਗਲਵਾਰ ਨੂੰ ਦਿੱਲੀ ਵਿਖੇ ਚੋਣਾਂ ਨੂੰ ਲੈ ਕੇ ਹੋਈ ਕੋਰ ਕਮੇਟੀ ਪੰਜਾਬ ਦੀ ਬੈਠਕ ਦੌਰਾਨ ਕੰਪੇਨ ਕਮੇਟੀ ਦੀ ਸਰਬਸੰਮਤੀ ਨਾਲ ਕਮਾਨ ਅਮਨ ਅਰੋੜਾ ਦੇ ਹੱਥ ਸੌਂਪ ਦਿੱਤੀ ਹੈ।
'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਬਾਰੇ ਐਲਾਨ ਕਰਦੇ ਹੋਏ ਦੱਸਿਆ ਕਿ ਅਮਨ ਅਰੋੜਾ ਦੇ ਲੰਬੇ ਤਜਰਬੇ ਅਤੇ ਸਿਆਸੀ ਕਾਬਲੀਅਤ ਦੇ ਮੱਦੇਨਜ਼ਰ ਅਮਨ ਅਰੋੜਾ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਗਵੰਤ ਮਾਨ ਨੇ ਦੱਸਿਆ ਕਿ ਚੋਣਾਂ ਦੀ ਪ੍ਰਚਾਰ ਰਣਨੀਤੀ ਬਾਰੇ ਕੋਰ ਕਮੇਟੀ ਦੀ ਇਹ ਬੈਠਕ ਪਾਰਟੀ ਦੇ ਸੂਬਾ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਰੱਖੀ ਗਈ ਬੈਠਕ ਵਿੱਚ ਅਮਨ ਅਰੋੜਾ ਦੀ ਇਸ ਨਿਯੁਕਤੀ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਹੋਇਆ।
ਬੈਠਕ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਪਾਰਟੀ ਲੀਡਰਸਪਿ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵੱਲੋਂ ਜਤਾਏ ਗਏ ਭਰੋਸੇ ਉੱਤੇ ਖਰਾ ਉੱਤਰਨ ਲਈ ਪੂਰੀ ਤਨਦੇਹੀ ਨਾਲ ਦਿਨ ਰਾਤ ਮਿਹਨਤ ਕਰਨਗੇ।
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਕਾਂਗਰਸੀਆਂ, ਭਾਜਪਾ ਅਤੇ ਬਾਦਲਾਂ ਵਾਂਗ ਪੈਸੇ ਦੇ ਅੰਬਾਰ ਤਾਂ ਨਹੀਂ ਹਨ, ਪ੍ਰੰਤੂ ਆਮ ਆਦਮੀ ਪਾਰਟੀ ਦਾ ਸਾਥ ਜ਼ਰੂਰੀ ਹੈ। ਇਸ ਲਈ ਪਾਰਟੀ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।