• Home
  • ਖਾਧ ਪਦਾਰਥਾਂ ਦੇ ਇੱਕ ਲੱਖ ਪੈਕੇਟਾਂ ਦੀ ਖੇਪ ਰਵਾਨਾ-ਹੰਗਾਮੀ ਸਥਿਤੀ ਵਿੱਚ ਪੰਜਾਬ ਸਰਕਾਰ ਕੇਰਲਾ ਦੇ ਲੋਕਾਂ ਨਾਲ ਖੜ੍ਹੀ-ਭਾਰਤ ਭੂਸ਼ਣ ਆਸ਼ੂ

ਖਾਧ ਪਦਾਰਥਾਂ ਦੇ ਇੱਕ ਲੱਖ ਪੈਕੇਟਾਂ ਦੀ ਖੇਪ ਰਵਾਨਾ-ਹੰਗਾਮੀ ਸਥਿਤੀ ਵਿੱਚ ਪੰਜਾਬ ਸਰਕਾਰ ਕੇਰਲਾ ਦੇ ਲੋਕਾਂ ਨਾਲ ਖੜ੍ਹੀ-ਭਾਰਤ ਭੂਸ਼ਣ ਆਸ਼ੂ

ਲੁਧਿਆਣਾ/ਚੰਡੀਗੜ,(ਖ਼ਬਰ ਵਾਲੇ ਬਿਊਰੋ)-ਕੇਰਲਾ ਵਿੱਚ ਹੜ੍ਹ ਕਾਰਨ ਪੈਦਾ ਹੋਈ ਅਣਸੁਖਾਵੀਂ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਖਾਧ ਪਦਾਰਥਾਂ ਦੀ ਇੱਕ ਖੇਪ ਅੱਜ ਲੁਧਿਆਣਾ ਤੋਂ ਰਵਾਨਾ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਖਾਧ ਪਦਾਰਥਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਸ ਖੇਪ ਨੂੰ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਰਵਾਨਾ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਅਤੇ ਸ੍ਰ. ਬਿੱਟੂ ਨੇ ਦੱਸਿਆ ਕਿ ਅੱਜ ਰਵਾਨਾ ਕੀਤੀ ਗਈ ਖੇਪ ਵਿੱਚ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇੱਕ ਪੈਕੇਟ ਵਿੱਚ ਖੰੰਡ, ਚਾਹ ਪੱਤੀ, ਰਸ, ਬਿਸਕੁਟ, ਸੁੱਕਾ ਦੁੱਧ, ਪਾਣੀ ਦੀ ਬੋਤਲ ਸ਼ਾਮਿਲ ਹੈ। ਇਹ ਰਾਹਤ ਸਮੱਗਰੀ ਤੁਰੰਤ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਹਲਵਾਰਾ ਹਵਾਈ ਅੱਡੇ ਤੋਂ ਹਵਾਈ ਰਸਤੇ ਭੇਜੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਹੰਗਾਮੀ ਸਥਿਤੀ ਵਿੱਚ ਪੰਜਾਬ ਸਰਕਾਰ ਕੇਰਲਾ ਸਰਕਾਰ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੀ ਹੈ। ਅੱਜ ਲੁਧਿਆਣਾ ਤੋਂ ਇਹ ਸਮੱਗਰੀ ਭੇਜੀ ਜਾ ਰਹੀ ਹੈ। ਅਗਲੇ ਦਿਨਾਂ ਦੌਰਾਨ ਬਾਕੀ ਜ਼ਿਲ੍ਹਿਆਂ ਤੋਂ ਵੀ ਅਜਿਹੀ ਸਮੱਗਰੀ ਭੇਜੀ ਜਾਵੇਗੀ।
ਦੱਸਣਯੋਗ ਹੈ ਕਿ ਬੇਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਦਾ ਹੋਈ ਇਸ ਸਥਿਤੀ ਵਿੱਚ ਕੇਰਲਾ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੰਦਿਆਂ ਫੌਰੀ ਤੌਰ 'ਤੇ 10 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਸੀ। ਜਿਸ ਵਿੱਚੋਂ 5 ਕਰੋੜ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚ ਅਤੇ ਬਾਕੀ ਰਾਸ਼ੀ ਦੀ ਰਾਹਤ ਸਮੱਗਰੀ ਭੇਜੀ ਜਾਣੀ ਹੈ।
ਰ ਤੋਂ ਇਲਾਵਾ ਸ੍ਰੀ ਸੁਰਿੰਦਰ ਡਾਬਰ, ਸ੍ਰੀ ਸੰਜੇ ਤਲਵਾੜ (ਦੋਵੇਂ ਵਿਧਾਇਕ), ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ, ਸਮੂਹ ਐੱਸ. ਡੀ. ਐੱਮ. ਸਾਹਿਬਾਨ, ਕੌਂਸਲਰ ਸ੍ਰ. ਹਰਕਰਨਦੀਪ ਸਿੰਘ ਵੈਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।