• Home
  • ਇਤਿਹਾਸ ਦੀ ਪੁਸਤਕ ਸਬੰਧੀ ਸੁਖਬੀਰ ਭਰਮ ਫੈਲਾ ਰਿਹੈ : ਕੈਪਟਨ

ਇਤਿਹਾਸ ਦੀ ਪੁਸਤਕ ਸਬੰਧੀ ਸੁਖਬੀਰ ਭਰਮ ਫੈਲਾ ਰਿਹੈ : ਕੈਪਟਨ

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਧਰਨੇ ਤੋਂ ਬਾਅਦ ਕਿਹਾ ਕਿ ਸੁਖਬੀਰ ਇਤਿਹਾਸ ਦੀ ਪੁਸਤਕ ਸਬੰਧੀ ਲੋਕਾਂ ਨੂੰ ਭਰਮ ਫੈਲਾ ਕੇ ਆਪਣਾ ਸਿਆਸੀ ਉਲੂ ਸਿੱਧਾ ਕਰਨਾ ਚਾਹੁੰਦਾ ਹੈ ਜੋ ਕਿ ਹੋਛੀ ਰਾਜਨੀਤੀ ਦੀ ਨਿਸ਼ਾਨੀ ਹੈ। ਉਨਾਂ ਕਿਹਾ ਕਿ ਇਤਿਹਾਸ ਦੀ ਪੁਸਤਕ ਇਤਿਹਾਸਕਾਰਾਂ ਤੇ ਤਜਰਬੇਕਾਰ ਵਿਅਕਤੀਆਂ ਦੁਆਰਾ ਤਿਆਰ ਕੀਤੀ ਗਈ ਹੈ ਤੇ ਉਸ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜਿਹੜਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਹੋਵੇ ਪਰ ਸੁਖਬੀਰ ਆਪਣੀ ਹੋਂਦ ਬਚਾਉਣ ਲਈ ਅਜਿਹਾ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਲੋਕਾਂ ਦਾ ਧਿਆਨ ਪਾਰਟੀ ਵਿੱਚ ਉਠ ਰਹੀਆਂ ਬਗਾਵਤਾਂ ਵਲੋਂ ਹਟਾ ਕੇ ਬਚਣਾ ਚਾਹੁੰਦਾ ਹੈ ਪਰ ਸਚਾਈ ਇਹ ਹੈ ਕਿ ਹੁਣ ਅਕਾਲੀ ਵੀ ਸੁਖਬੀਰ ਦੇ ਨਾਲ ਨਹੀਂ ਹਨ।
ਕੈਪਟਨ ਨੇ ਕਿਹਾ ਕਿ ਸੁਖਬੀਰ ਸਮੇਤ ਸਾਰੇ ਅਕਾਲੀਆਂ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦਿਆਂ ਕਾਨੂੰਨ ਵਿਵਸਥਾ ਨੂੰ ਵਿਗਾੜਿਆ। ਉਨਾਂ ਨਾ ਸਿਰਫ਼ ਪੁਲਿਸ ਦੁਆਰਾ ਲਾਏ ਬੈਰੀਕੇਡ ਹੀ ਤੋੜੇ ਬਲਕਿ ਪੁਲਿਸ ਨਾਲ ਹੱਥੋ ਪਾਈ ਵੀ ਹੋਏ।
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਲੋਕਾਂ 'ਚ ਜਾਣ ਦਾ ਬਹਾਨਾ ਲੱਭਣ ਲਈ ਸੁਖਬੀਰ ਅਜਿਹੇ ਸਿਆਸੀ ਹੱਥਕੰਡੇ ਅਪਣਾ ਰਿਹਾ ਹੈ ਤੇ ਲੋਕ ਸਭ ਜਾਣਦੇ ਹਨ ਕਿ ਅਕਾਲੀ ਹੁਣ ਡਰਾਮੇ ਕਰ ਰਹੇ ਹਨ।