• Home
  • ਸੁਖਬੀਰ ਦੇ ਐਲਾਨ ਨੇ ਹਲਕਾ ਇੰਚਾਰਜ/ਵਿਧਾਇਕ ਪਾਏ ਬਿਪਤਾ ‘ਚ..ਪੜ੍ਹੋ ਕਿਉਂ ?

ਸੁਖਬੀਰ ਦੇ ਐਲਾਨ ਨੇ ਹਲਕਾ ਇੰਚਾਰਜ/ਵਿਧਾਇਕ ਪਾਏ ਬਿਪਤਾ ‘ਚ..ਪੜ੍ਹੋ ਕਿਉਂ ?

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਬੇਅਦਬੀ ਮਾਮਲਿਆਂ 'ਚ ਘਿਰੀ ਪਾਰਟੀ ਦੀ ਸ਼ਾਖ ਬਚਾਉਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ੍ਹ ਛਪਾਰ ਰੈਲੀ ਤੇ ਅਜੀਬੋ ਗਰੀਬ ਐਲਾਨ ਨਾ ਕਰਕੇ ਅਕਾਲੀ ਦਲ ਦੇ ਵਿਧਾਇਕਾਂ /ਹਲਕਾ ਇੰਚਾਰਜਾਂ ਨੂੰ ਬਿਪਤਾ ਚ ਪਾ ਦਿੱਤਾ ਹੈ ਇਸ ਨੂੰ ਦੱਬੀ ਆਵਾਜ਼ ਵਿੱਚ ਉਹ ਨਾਦਰਸ਼ਾਹੀ ਫ਼ਰਮਾਨ ਵੀ ਆਖ ਰਹੇ ਹਨ ।

ਰੈਲੀ ਦੌਰਾਨ ਜਦੋਂ ਅਕਾਲੀ ਦਲ ਦੇ ਪ੍ਰਧਾਨ ਨੇ ਸਟੇਜ ਤੋਂ ਪੂਰੇ ਜੋਸ਼ 'ਨਾਲ ਇਹ ਐਲਾਨ ਕੀਤਾ ਕਿ ਕੈਪਟਨ  ਸਰਕਾਰ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਅਕਾਲੀ ਵਰਕਰ ਘਬਰਾਉਣ ਨਾ ਕਿਉਂਕਿ ਉਨਾਂ ਦੇ ਪੁਲਿਸ ਕੇਸਾਂ ਜਾਂ ਹੋਰ ਕਿਸੇ ਤਰਾਂ ਦੇ ਖ਼ਰਚੇ ਦੀ ਜ਼ਿੰਮੇਵਾਰੀ ਹਲਕਾ ਇੰਚਾਰਜ ਤੇ ਵਿਧਾਇਕ ਦੀ ਹੋਵੇਗੀ।

ਜਦੋਂ ਸੁਖਬੀਰ ਬਾਦਲ ਨੇ ਇਹ ਐਲਾਨ ਕੀਤਾ ਤਾਂ ਸਟੇਜ ਤੇ ਬੈਠੇ ਵਿਧਾਇਕ /ਹਲਕਾ ਇੰਚਾਰਜਾ 'ਚ ਘੁਸਰ-ਮੁਸਰ ਸ਼ੁਰੂ ਹੋ ਗਈ । ਭਾਵੇਂ ਇਹ ਹੁਕਮ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਵਰਕਰਾਂ ਤੇ ਜ਼ਿਆਦਤੀਆਂ ਦੇ ਅੰਕੜੇ ਦੇਣ ਬਾਰੇ ਅਤੇ ਉਨ੍ਹਾਂ ਦੇ ਖਰਚਾ ਕਰਨ ਬਾਰੇ ਗੋਲਮੋਲ ਪੱਤਰ ਵਿਧਾਇਕਾਂ ਨੂੰ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ।

ਪਰ ਹੁਣ ਪਾਰਟੀ ਦੇ ਪ੍ਰਧਾਨ ਵਲੋਂ ਆਏ 'ਇਲਾਹੀ ਹੁਕਮਾਂ' ਨੂੰ ਨਾ ਹੀ ਉਹ ਟਾਲ ਸਕਦੇ ਹਨ ਅਤੇ ਨਾ ਹੀ ਪੂਰਾ ਕਰ ਸਕਦੇ ਹਨ।ਪ੍ਰਧਾਨ ਦੇ ਇਸ ਐਲਾਨ ਤੋਂ ਬਾਅਦ ਹਲਕਾ ਇੰਚਾਰਜ ਤੇ ਵਿਧਾਇਕ ਬਿਪਤਾ 'ਚ ਹਨ। ਇਸ ਦਾ ਪਹਿਲਾ ਕਾਰਨ ਇਹ ਹੈ ਕਿ ਅਕਾਲੀ ਦਲ ਇਸ ਵੇਲੇ ਸੱਤਾ ਤੋਂ ਬਾਹਰ ਹੈ ਜਿਸ ਕਾਰਨ ਅਕਾਲੀ ਵਿਧਾਇਕਾਂ ਕੋਲ ਕਮਾਈ ਦਾ ਸਾਧਨ ਕੋਈ ਨਹੀਂ ਹੈ। ਦੂਜਾ ਇਹ ਕਿ ਹਲਕਾ ਵਿਧਾਇਕਾਂ/ਇੰਚਾਰਜਾਂ ਨੂੰ ਪਾਰਟੀ ਵਲੋਂ ਆਏ ਦਿਨ ਕਈ ਤਰਾਂ ਦੇ ਖ਼ਰਚ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਜਿਵੇਂ ਰੈਲੀਆਂ ਦਾ ਪ੍ਰਬੰਧ ਕਰਨਾ, ਰੈਲੀਆਂ ਲਈ ਲੋਕਾਂ ਨੂੰ ਇਕੱਠੇ ਕਰ ਕੇ ਲਿਜਾਣ ਤੇ ਆਵਾਜਾਈ ਦੇ ਸਾਧਨਾਂ 'ਤੇ ਖ਼ਰਚਾ ਆਦਿ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਦੇ ਅਕਾਲੀ ਦਲ ਦੀ ਮੈਂਬਰਸ਼ਿਪ ਦੇ  ਹਰ ਹਲਕੇ ਨੂੰ 20 ਲੱਖ ਰੁਪਏ ਪਾਰਟੀ ਫ਼ੰਡ 'ਚ ਜਮਾਂ ਕਰਵਾਉਣ ਲਈ ਵੀ ਆਦੇਸ਼ ਜਾਰੀ ਕੀਤੇ ਹੋਏ ਹਨ ।

ਅਕਾਲੀ ਦਲ ਦੇ ਕੁਝ ਵਿਧਾਇਕਾਂ ਨੇ 'ਖ਼ਬਰ ਵਾਲੇ ਡਾਟ ਕਾਮ' ਨਾਲ ਆਪਣਾ ਨਾਮ ਨਾ ਛਾਪਣ ਦੀ ਸੂਰਤ ਚ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਆਏ ਦਿਨ ਪਾਰਟੀ ਵੱਲੋਂ ਪਾਏ ਜਾਂਦੇ ਵਿੱਤੀ ਬੋਝ ਤੋਂ ਹੁਣ ਉਹ ਤੰਗ ਹਨ । ਪਰ ਇਸ ਸਮੇਂ ਉਨ੍ਹਾਂ ਇੱਕ ਹੋਰ  ਜਾਣਕਾਰੀ ਇਹ ਵੀ ਦਿੱਤੀ ਕਿ ਟਿਕਟ ਤੋਂ ਪਹਿਲਾਂ ਵੀ ਫ਼ੰਡ ਦਿਖਾਉਣੇ ਪੈਂਦੇ ਹਨ ਤੇ ਜੇਕਰ ਫ਼ੰਡ ਨਾ ਹੋਵੇ ਤਾਂ ਪਾਰਟੀ ਟਿਕਟ ਨਹੀਂ ਦਿੰਦੀ।
ਹੁਣ ਇਹ ਨਹੀਂ ਪਤਾ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ/ਵਿਧਾਇਕ  ਬਾਦਲ ਸਾਹਿਬ ਦੇ ਦੇ 'ਨਾਦਰਸ਼ਾਹੀ' ਹੁਕਮਾਂ 'ਤੇ ਕਿਵੇਂ ਫੁੱਲ ਚੜਾਉਣਗੇ ਪਰ ਹਾਲ ਦੀ ਘੜੀ 'ਚ ਉਹ ਭੰਬਲਭੂਸੇ 'ਚ ਹਨ ਕਿ ਕਿਵੇਂ ਇਸ ਸਮੱਸਿਆ ਦਾ ਹੱਲ ਕੱਢੀਏ ਕਿ ਜਿਸ ਨਾਲ ਵਰਕਰ ਤੇ ਪ੍ਰਧਾਨ ਦੋਵੇਂ ਖ਼ੁਸ਼ ਹੋ ਜਾਣ।