• Home
  • ਮਾਮਲਾ ਲੇਹ ਲਦਾਖ ਦੇ ਗੁਰਦੁਆਰਾ ਪੱਥਰ ਸਾਹਿਬ ਦਾ ਸਰੂਪ ਬਦਲ ਕੇ ਹਿੰਦੂ ਅਤੇ ਬੋਧੀਕਰਣ ਕਰਨ ਦਾ।

ਮਾਮਲਾ ਲੇਹ ਲਦਾਖ ਦੇ ਗੁਰਦੁਆਰਾ ਪੱਥਰ ਸਾਹਿਬ ਦਾ ਸਰੂਪ ਬਦਲ ਕੇ ਹਿੰਦੂ ਅਤੇ ਬੋਧੀਕਰਣ ਕਰਨ ਦਾ।

ਗੁਰੂ ਸਾਹਿਬਾਨ ਨਾਲ ਸੰਬੰਧਿਤ ਇਤਿਹਾਸਕ ਸਾਮਗਰੀ ਮਿਟਾਉਣ ਦੀ ਸਾਜਿਸ਼ ਬਰਦਾਸ਼ਤ ਨਹੀਂ : ਦਮਦਮੀ ਟਕਸਾਲ

ਅਮ੍ਰਿਤਸਰ 8 ਅਪ੍ਰੈਲ ; ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਜੰਮੂ ਕਸ਼ਮੀਰ ਦੇ ਲੇਹ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸਥਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਦੇ ਸਰੂਪ ਨੂੰ ਬਦਲਨ ਲਈ ਉਥੇ ਅੰਕਿਤ ਗੁਰਬਾਣੀ ਪੰਕਤੀਆਂ ਅਤੇ ਖਾਲਸਾਈ ਚਿੰਨਾਂ ਨੂੰ ਮਿਟਾਉਦਿਆਂ ਉਨਾਂ ਦੀ ਥਾਂ ਹਿੰਦੂ ਅਤੇ ਬੁੱਧ ਧਰਮ ਨਾਲ ਸੰਬੰਧਿਤ ਸਾਮਗਰੀ ਤੇ ਚਿੰਨਾਂ ਆਦਿ ਨੂੰ ਪ੍ਰਦਰਸ਼ਿਤ ਕਰਦਿਆਂ ਗੈਰ ਖਾਲਸਾਈ ਦਿਖ ਪ੍ਰਦਾਨ ਕਰਨ ਦੇ ਸਾਹਮਣੇ ਆਏ ਤਾਜ਼ੇ ਤੇ ਗੰਭੀਰ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਉਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਹੌਂਦ ਮਿਟਾਉਣ ਲਈ ਗੁਰੂ ਸਾਹਿਬ ਨਾਲ ਸੰਬੰਧਿਤ ਯਾਦਗਾਰੀ ਇਤਿਹਾਸਿਕ ਸਾਮਗਰੀ ਮਿਟਾਉਣ ਦੀ ਉਕਤ ਗਹਿਰੀ ਸਾਜਿਸ਼ ਨੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਾਉਚਾਈ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਭਾਈਚਾਰਿਆਂ ਵਿੱਚ ਫ਼ਿਰਕੂ ਨਫ਼ਰਤ ਫੈਲਾਉਣ ਦੇ ਮਨਸ਼ੇ ਨਾਲ ਕੀਤਾ ਜਾ ਰਹਾ ਇਸਤੇਮਾਲ ਬਹੁਤ ਗਲਤ ਹੈ, ਜਿਸ ਨੂੰ ਕਿਸੇ ਵੀ ਕੀਮਤ ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਉਕਤ ਗੁਰਦੁਆਰਾ ਭਾਰਤੀ ਫੌਜ ਦੀ ਨਿਗਰਾਨੀ ਹੇਠ ਹੈ। ਅਫਸੋਸ ਦੀ ਗੱਲ ਇਹ ਹੈਂ ਕਿ ਭਾਰਤ ਸਰਕਾਰ ਤੇ ਭਾਰਤੀ ਫੌਜ ਜੂਨ '84 ਦੌਰਾਨ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨ ਵਰਗੇ ਅਤੀਤ ਦੌਰਾਨ ਹੋਇਆਂ ਗਲਤੀਆਂ ਤੋਂ ਕੁਝ ਸਬਕ ਸਿੱਖਣ ਦੀ ਥਾਂ ਉਨ੍ਹਾਂ ਹੀ ਗ਼ਲਤੀਆਂ ਨੂੰ ਮੁੜ ਦੁਹਰਾ ਰਹੀ ਹੈ। ਅਜਿਹਾ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ। ਉਨ੍ਹਾਂ ਭਾਰਤ ਸਰਕਾਰ ਸਮੇਤ ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆ ਪਾਲ ਮਲਿਕ ਨੂੰ ਉਕਤ ਮਾਮਲੇ ਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ। ਉਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਘੱਟ ਗਿਣਤੀ ਸਿੱਖਾਂ ਦੀ ਜਾਨ ਮਾਲ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਜਾਣਬੁੱਝ ਕੇ ਕੁਤਾਹੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹਾਲੇ ਤੱਕ ਹਰਿਦੁਆਰ ਦੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਤੇ ਸਿਕਾਮ ਦੇ ਗੁਰਦੁਆਰਾ ਡਾਂਗਮਾਰ ਸਾਹਿਬ ਦਾ ਮਾਮਲਾ ਸੁਲਝਾਇਆ ਨਹੀਂ ਗਿਆ ਕਿ ਇਸ ਲਿਸਟ ਵਿੱਚ ਹੁਣ ਲੇਹ ਦੇ ਗੁਰਦੁਆਰਾ ਪੱਥਰ ਸਾਹਿਬ ਦਾ ਭੀ ਆਣ ਜੁੜਨਾ ਇਹ ਮੰਨਆ ਜਾਵੇਗਾ ਕਿ ਭਾਰਤ ਸਰਕਾਰ ਸਿੱਖੀ ਦੀ ਹੋਂਦ ਮਿਟਾਉਣ ਲਈ ਸਿੱਖਾਂ ਦੇ ਗੁਰਧਾਮਾਂ ਤੇ ਕਬਜ਼ੇ ਨੂੰ ਨਿਰੰਤਰ ਜਾਰੀ ਰੱਖਣ ਦੀ ਗਹਿਰੀ ਸਾਜਿਸ਼ ਨੂੰ ਅੰਜਾਮ ਦੇ ਰਹੀ ਹੈ। ਉਨ੍ਹਾਂ ਗੈਰ ਸਿੱਖਾਂ ਨੂੰ ਸਿਖਾਂ ਦੇ ਧਾਰਮਿਕ ਮਾਮਲਿਆਂ ਅਤੇ ਗੁਰਧਾਮਾਂ ਚ ਦਾਖਲ ਅੰਦਾਜ਼ੀ ਬੰਦ ਕਰਨ ਅਤੇ ਸਰਕਾਰ ਨੂੰ ਲੇਹ ਦੇ ਉਕਤ ਮਾਮਲੇ ਚ ਤੁਰੰਤ ਕਾਰਵਾਈ ਕਰਨ ਲਈ ਕਹਾ ਹੈ।