• Home
  • ਚੋਣਾਂ ਦੌਰਾਨ ਨਿਰਧਾਰਤ ਰੂਟ ਤੋਂ ਬਾਹਰ ਜਾਂਦੀ ਏ.ਟੀ.ਐਮ. ਵੈਨ ਤੇ ਨਗ਼ਦੀ ਜ਼ਬਤ ਹੋਵੇਗੀ

ਚੋਣਾਂ ਦੌਰਾਨ ਨਿਰਧਾਰਤ ਰੂਟ ਤੋਂ ਬਾਹਰ ਜਾਂਦੀ ਏ.ਟੀ.ਐਮ. ਵੈਨ ਤੇ ਨਗ਼ਦੀ ਜ਼ਬਤ ਹੋਵੇਗੀ

ਪਟਿਆਲਾ, 7 ਮਾਰਚ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹੇ 'ਚ ਸਥਿਤ ਸਾਰੀਆਂ ਬੈਂਕਾਂ ਦੀਆਂ ਬ੍ਰਾਂਚਾਂ ਦੇ ਨੁਮਾਇੰਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਬੈਂਕ ਅਧਿਕਾਰੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਚੋਣਾਂ ਦੌਰਾਨ ਬੈਂਕਾਂ ਦੀਆਂ ਏ.ਟੀ.ਐਮ. ਨਗ਼ਦੀ ਵੈਨਾਂ ਦੇ ਕੀਤੇ ਨਿਰਧਾਰਤ ਰੂਟ ਦੀ ਕਾਪੀ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਨੂੰ ਭੇਜੀ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਇਸ ਨਿਰਧਾਰਤ ਰੂਟ ਤੋਂ ਬਾਹਰ ਜਾਂਦੀ ਕੋਈ ਨਗਦੀ ਵੈਨ ਫੜੀ ਜਾਂਦੀ ਹੈ ਤਾਂ ਉਸ ਵੈਨ ਨੂੰ ਨਗਦੀ ਸਮੇਤ ਜ਼ਬਤ ਕਰ ਲਈ ਜਾਵੇਗੀ।  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਦੌਰਾਨ ਉਮੀਦਵਾਰਾਂ ਦੇ ਚੋਣ ਖ਼ਰਚੇ ਲਈ ਇੱਕ ਖਾਤਾ ਖੋਲ੍ਹਿਆ ਜਾਣਾਂ ਹੈ, ਜਿਸ ਲਈ ਸਾਰੀਆਂ ਬੈਂਕਾਂ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਖੱਜਲ ਖੁਆਰੀ ਤੋਂ ਬਚਾਉਣ ਲਈ ਪੂਰਨ ਸਹਿਯੋਗ ਕਰਨ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਮੀਦਵਾਰਾਂ ਦੇ ਆਪਣੇ ਤੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ 'ਚ 1 ਲੱਖ ਤੋਂ ਵੱਧ ਦੀ ਸ਼ੱਕੀ ਨਗ਼ਦੀ ਕਢਵਾਉਣ ਤੇ ਜਮ੍ਹਾਂ ਕਰਵਾਉਣ ਦੇ ਮਾਮਲੇ ਦੀ ਸੂਚਨਾ ਤੁਰੰਤ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੀ ਜਾਵੇ। ਇਸ ਤੋਂ ਬਿਨ੍ਹਾਂ 10 ਲੱਖ ਰੁਪਏ ਦੀ ਸ਼ੱਕੀ ਬੈਂਕ ਟ੍ਰਾਂਜੈਕਸ਼ਨ ਬਾਰੇ ਵੀ ਸੂਚਿਤ ਕੀਤਾ ਜਾਵੇ ਅਤੇ ਇੱਕ ਖਾਤੇ ਵਿੱਚੋਂ ਇੱਕ ਤੋਂ ਵੱਧ ਖਾਤਿਆਂ 'ਚ ਅਦਾਇਗੀ ਹੋਣ 'ਤੇ ਵੀ ਉਨ੍ਹਾਂ ਦੇ ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਖਾਤਿਆਂ 'ਤੇ ਵੀ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਕਿ 1 ਲੱਖ ਜਾਂ ਇੱਕ ਲੱਖ ਤੋਂ ਉਪਰ ਦੀ ਟ੍ਰਾਂਜੈਕਸ਼ਨ ਦੀ ਵੀ ਮੋਨੀਟਰਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਏ.ਟੀ.ਐਮ. ਵੈਨਾਂ ਦੀ ਗ਼ੈਰਕਾਨੂੰਨੀ ਵਰਤੋਂ ਸਾਹਮਣੇ ਆਉਣ 'ਤੇ ਤੁਰੰਤ ਨਗ਼ਦੀ ਤੇ ਵੈਨ ਜ਼ਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ੱਕੀ ਟ੍ਰਾਂਜੈਕਸ਼ਨ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੇ, ਲੀਡ ਬੈਂਕ ਮੈਨੇਜਰ ਸ੍ਰੀ ਸੁਰਿੰਦਰ ਮਲਿਕ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ, ਤਹਿਸੀਲਦਾਰ ਚੋਣਾਂ ਰਾਮਜੀ ਲਾਲ, ਚੋਣ ਕਾਨੂੰਨਗੋ ਵਿਜੇ ਕੁਮਾਰ ਮੌਜੂਦ ਸਨ।