• Home
  • ..ਜਦੋਂ ਨਕਲੀ ਬੀਜ ਵੇਚਣ ਵਾਲੇ ਦੋ ਗੁਜਰਾਤੀਆਂ ਨੂੰ ਕਿਸਾਨਾਂ ਨੇ ਪੁਲਿਸ ਨੂੰ ਗ੍ਰਿਫਤਾਰ ਕਰਵਾਇਆ -ਮਾਮਲਾ ਦਰਜ

..ਜਦੋਂ ਨਕਲੀ ਬੀਜ ਵੇਚਣ ਵਾਲੇ ਦੋ ਗੁਜਰਾਤੀਆਂ ਨੂੰ ਕਿਸਾਨਾਂ ਨੇ ਪੁਲਿਸ ਨੂੰ ਗ੍ਰਿਫਤਾਰ ਕਰਵਾਇਆ -ਮਾਮਲਾ ਦਰਜ

\ਫ਼ਾਜ਼ਿਲਕਾ, 15 ਅਪ੍ਰੈਲ:ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਬੀਜ ਬੀਜਣ ਬਾਰੇ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਉਦੋਂ ਰੰਗ ਲਿਆਈਆਂ, ਜਦੋਂ ਕਿਸਾਨਾਂ ਨੇ ਪਿੰਡ ਰਾਜਪੁਰਾ ਵਿਖੇ ਨਕਲੀ ਬੀ.ਟੀ. ਬੀਜ ਵੇਚਣ ਵਾਲੇ ਦੋ ਗੁਜਰਾਤੀ ਵਿਅਕਤੀਆਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਰਾਹੀਂ ਪੁਲਿਸ ਦੇ ਅੜਿੱਕੇ ਚੜ੍ਹਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਗੁਜਰਾਤ ਤੋਂ ਆਏ ਦੋਵੇਂ ਵਿਅਕਤੀ ਪਿੰਡ ਰਾਜਪੁਰਾ ਦੇ ਕਿਸਾਨਾਂ ਨੂੰ ਬੀਜ ਵੇਚਣ ਅਤੇ ਬੁਕਿੰਗ ਲਈ ਉਤਸ਼ਾਹਤ ਕਰ ਰਹੇ ਸਨ। ਕਿਸਾਨਾਂ ਨੇ ਇਸ ਦੀ ਸੂਚਨਾ ਖੇਤਬਾੜੀ ਵਿਭਾਗ ਨੂੰ ਦਿੱਤੀ ਅਤੇ ਵਿਭਾਗ ਦੇ ਅਧਿਕਾਰੀਆਂ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਸ਼੍ਰੀ ਸਰਵਣ ਕੁਮਾਰ, ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਵਿਜੇ ਸਿੰਘ ਅਤੇ ਸਹਾਇਕ ਉਪ ਨਿਰੀਖਕ ਸ਼੍ਰੀ ਪ੍ਰਵੀਨ ਕੁਮਾਰ ਤੁਰੰਤ ਮੌਕੇ 'ਤੇ ਪਹੁੰਚੇ। ਦੋਵੇਂ ਵਿਅਕਤੀ ਖੇਤੀਬਾੜੀ ਅਧਿਕਾਰੀਆਂ ਨੂੰ ਪੰਜਾਬ ਰਾਜ ਵਿੱਚ ਬੀਜ ਸਪਲਾਈ ਕਰਨ ਲਈ ਅਧਿਕਾਰਤ ਪੱਤਰ ਨਾ ਵਿਖਾ ਸਕੇ ਜਿਸ ਕਰਕੇ ਖੇਤੀਬਾੜੀ ਅਧਿਕਾਰੀਆਂ ਨੇ ਇਸ ਵਰਤਾਰੇ ਸਬੰਧੀ ਥਾਣਾ ਬਹਾਵਵਾਲਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਕਾਰਵਾਈ ਕਰਦਿਆਂ ਹਿਤੇਸ਼ ਕੁਮਾਰ ਪੁੱਤਰ ਬਲਦੇਵ ਭਾਈ ਪ੍ਰਜਾਪਤੀ ਬਾਂਸ ਅਤੇ ਚਾਵੜਾ ਧਰਮਿੰਦਰ ਸਿੰਘ ਪੁੱਤਰ ਵਿਜੈ ਸਿੰਘ ਦੋਵੇਂ ਵਾਸੀ ਪਿੰਡ ਰਿਦਰੋਲ, ਗਾਂਧੀ ਨਗਰ (ਗੁਜਰਾਤ) ਨੂੰ 13 ਪੈਕਟ ਸੇਵਕ-511 ਅਤੇ ਸੇਵਕ-711 ਕਿਸਮ, ਓਮ ਹਾਈਬਰੈਡ ਸੀਡ ਕੰਪਨੀ ਸਮੇਤ ਗ੍ਰਿਫ਼ਤਾਰ ਕਰ ਲਿਆ। ਨਕਲੀ ਅਤੇ ਗ਼ੈਰ ਮਿਆਰੀ ਕਿਸਮ ਦੇ ਬੀਜ ਵੇਚਣ ਕਰਕੇ ਥਾਣਾ ਬਹਾਵਵਾਲਾ ਵਿਖੇ ਦੋਹਾਂ ਵਿਅਕਤੀਆਂ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 420, 7 ਈ.ਸੀ. ਐਕਟ ਅਤੇ ਬੀਜ ਕੰਟਰੋਲ ਆਡਰ 1983 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕਿਸਾਨਾਂ ਨੂੰ ਪੀ.ਏ.ਯੂ ਤੋਂ ਸਿਫ਼ਾਰਸ਼ਸ਼ੁਦਾ ਅਤੇ ਖੇਤੀਬਾੜੀ ਵਿਭਾਗ ਤੋਂ ਮਨਜ਼ੂਰਸ਼ੁਦਾ ਬੀ.ਟੀ. ਬੀਜ ਬੀਜਣ ਦੀ ਸਲਾਹ:-ਮੁੱਖ ਖੇਤੀਬਾੜੀ ਅਫ਼ਸਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸਕੱਤਰ ਡਾ. ਕਾਹਨ ਸਿੰਘ ਪੰਨੂੰ, ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ੍ਰ. ਮਨਪ੍ਰੀਤ ਸਿੰਘ ਛੱਤਵਾਲ ਦੀ ਰਹਿਨੁਮਾਈ ਹੇਠ ਸਾਉਣੀ 2019 ਦੌਰਾਨ ਫ਼ਸਲ ਦੀ ਬੀਜਾਈ, ਸਾਂਭ-ਸੰਭਾਲ ਤੇ ਨਰਮੇ ਦੀ ਕਟਾਈ ਬਾਰੇ ਕਿਸਾਨਾਂ ਨੂੰ ਨਿਰੰਤਰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਬਲਾਕ ਅਬੋਹਰ ਦੇ ਪਿੰਡ ਬਹਾਵਵਾਲਾ ਵਿਖੇ ਲਗਾਏ ਗਏ ਕੈਂਪ ਦੌਰਾਨ ਵੀ ਵੱਖ-ਵੱਖ ਖੇਤੀ ਮਾਹਰਾਂ ਨੇ ਸਾਉਣੀ ਦੀ ਫ਼ਸਲ ਦੀ ਬਿਜਾਈ ਅਤੇ ਹਾੜੀ ਦੀ ਫ਼ਸਲ ਦੀ ਕਟਾਈ ਤੇ ਸਾਂਭ-ਸੰਭਾਲ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਸੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਜੇ ਤੁਹਾਡੇ ਪਿੰਡਾਂ ਵਿਚ ਅਣਅਧਿਕਾਰਤ/ਗੁਜਰਾਤੀ/ਨਕਲੀ ਬੀ.ਟੀ. ਬੀਜ ਵੇਚਣ ਲਈ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਰਮੇ ਦੇ ਗੁਜਰਾਤੀ ਤੇ ਗ਼ੈਰ ਮਿਆਰੀ ਬੀ.ਟੀ. ਬੀਜ ਦੀ ਆਮਦ ਨੂੰ ਰੋਕਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੀ.ਏ.ਯੂ ਤੋਂ ਸਿਫ਼ਾਰਸ਼ਸ਼ੁਦਾ ਅਤੇ ਖੇਤੀਬਾੜੀ ਵਿਭਾਗ ਤੋਂ ਮਨਜ਼ੂਰਸ਼ੁਦਾ ਬੀ.ਟੀ. ਬੀਜ ਹੀ ਬੀਜਣ।