• Home
  • ਨਵਜੋਤ ਸਿੰਘ ਸਿੱਧੂ ਵੱਲੋਂ ਸਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਨਾਲ ਮੁਲਾਕਾਤ

ਨਵਜੋਤ ਸਿੰਘ ਸਿੱਧੂ ਵੱਲੋਂ ਸਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨਾਲ ਮੀਟਿੰਗ ਕਰਕੇ ਜਲਿਆਂ ਵਾਲਾ ਬਾਗ ਰਾਸ਼ਟਰੀ ਯਾਦਗਾਰੀ ਟ੍ਰਸਟ ਦੇ ਨਵੇਂ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕ੍ਰਿਆ ਜਲਦ ਮੁਕੰਮਲ ਕਰਨ 'ਤੇ ਜ਼ੋਰ ਦਿੱਤਾ ਗਿਆ ਤਾਂ ਜੋ ਕੇਂਦਰ ਵੱਲੋਂ ਇਸ ਸਬੰਧੀ ਹੋਣ ਵਾਲੀ ਦੇਰੀ ਸਦਕਾ ਜਲਿਆਂ ਵਾਲਾ ਬਾਗ ਦੇ ਸਾਕੇ ਸਬੰਧੀ ਅਪ੍ਰੈਲ 2019 ਵਿੱਚ 100 ਸਾਲਾ ਯਾਦਗਾਰੀ ਸਮਾਗਮ ਕਰਵਾਉਣ ਦੇ ਪ੍ਰਸਤਾਵਾਂ ਦੀ ਪ੍ਰਵਾਨਗੀ ਵਿੱਚ ਦੇਰੀ ਹੋ ਸਕਦੀ ਹੈ।
ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ  ਕਿਉੰਜੋ ਜਲਿਆਂ ਵਾਲਾ ਬਾਗ ਦੇ ਪ੍ਰਬੰਧਨ ਦਾ ਕੰਮ ਚਲਾਉਣਾ ਟ੍ਰਸਟ ਦੀ ਜ਼ਿੰਮੇਵਾਰੀ ਹੈ ਇਸ ਕਰ ਕੇ ਇਸ ਟ੍ਰਸਟ ਦੇ ਕਾਰਜਕਾਲ ਪੂਰਾ ਕਰ ਚੁੱਕੇ ਮੈਂਬਰਾਂ ਦੀ ਥਾਂ ਨਵੇਂ ਨਿਯੁਕਤ ਹੋਣ ਤਿੰਨ ਮੈਂਬਰਾਂ ਦੀ ਨਿਯੁਕਤੀ ਜਲਦ ਕੀਤੀ ਜਾਵੇ ਤਾਂ ਜੋ 100 ਸਾਲਾ ਯਾਦਗਾਰੀ ਸਮਾਗਮ ਦੀਆਂ ਅਗੇਤੀਆਂ ਤਿਆਰੀਆਂ ਵਿੱਚ ਕੋਈ ਰੁਕਾਵਟ ਨਾ ਆਵੇ ਕਿਉਂਕਿ ਇਸ ਸਮਾਗਮ ਸਬੰਧੀ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੰਮ ਕਰਨ ਵਾਲੇ ਇਸ ਟ੍ਰਸਟ ਪਾਸੋਂ ਪ੍ਰਸਤਾਵਾਂ ਦੀ ਮੰਨਜੂਰੀ ਲੋੜੀਂਦੀ ਹੈ ਅਤੇ ਨਵੇਂ ਮੈਂਬਰਾਂ ਦੀ ਨਿਯੁਕਤੀ ਤੋਂ ਬਾਅਦ  ਹੀ ਇਹ ਟ੍ਰਸੱਟ ਆਪਣੇ ਕੰਮ-ਕਾਜ ਕਰ ਸਕੇਗਾ।
ਉਨਾਂ ਕਿਹਾ ਕਿ ਅਸੀਂ ਜਲਿਆਂ ਵਾਲਾ ਬਾਗ ਦੇ ਯਾਦਗਾਰੀ ਸਮਾਗਮ ਵੱਡੇ ਪੈਮਾਨੇ 'ਤੇ ਮਨਾਉਣ ਨੂੰ ਧਿਆਨ ਵਿੱਚ ਰੱਖਦਿਆਂ 20 ਕਰੋੜ ਰੁਪਏ ਦੇ ਪ੍ਰਸਤਾਵ ਪਹਿਲਾਂ ਹੀ ਕੇਂਦਰ ਨੂੰ ਦਿੱਤੇ ਹੋਏ ਹਨ ਤਾਂ ਜੋ ਵਿਸ਼ਵ ਅਤੇ ਖਾਸਕਰ ਭਾਰਤ ਦੀ ਨਵੀਂ ਪੀੜੀ ਨੂੰ ਮੁਲਕ ਦੀ ਆਜ਼ਾਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਇਆ ਜਾ ਸਕੇ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ  ਵੱਲੋਂ ਕੇਂਦਰੀ ਸੈਰ-ਸਪਾਟਾ ਮੰਤਰੀ ਸ੍ਰੀ ਕੇ.ਜੇ.ਐਲਫੌਂਸ ਨਾਲ ਮੀਟਿੰਗ ਕਰਕੇ ਪ੍ਰਸਾਦ (ਨੈਸ਼ਨਲ ਮਿਸ਼ਨ ਫਾਰ ਪਿਲਗ੍ਰੀਮੇਜ ਰੀਜੁਵੇਨੇਸ਼ਨ ਐੰਡ ਸਪਿਰਚੁਅਲ ਆਗਮੈਂਟੇਸ਼ਨ) ਅਤੇ ਸਵਾਦੇਸ਼ ਮਿਸ਼ਨ ਤਹਿਤ ਪ੍ਰਸਤਾਵਾਂ ਦੀ ਜਲਦੀ ਪ੍ਰਵਾਨਗੀ ਦੀ ਮੰਗ ਕੀਤੀ ਗਈ।