• Home
  • “ਪੰਖ ਵਿਹੂਣੀ ਪ੍ਰਨੀਤ ਹੁਣ ਕਾਹਦੇ ਆਸਰੇ ਉਡਾਰੀਆਂ ਮਾਰੇ”! ਹਲਵਾਰਾ ਹਵਾਈ ਅੱਡੇ ਦੇ ਵਿਸਥਾਰ ਦੀ ਯੋਜਨਾ ਵਿਚ ਮਾਰ ਹੇਠ ਆਉਣ ਵਾਲੀ ਯਤੀਮ ਬਾਲੜੀ ਭਵਿੱਖ ਧੁੰਦਲਾ

“ਪੰਖ ਵਿਹੂਣੀ ਪ੍ਰਨੀਤ ਹੁਣ ਕਾਹਦੇ ਆਸਰੇ ਉਡਾਰੀਆਂ ਮਾਰੇ”! ਹਲਵਾਰਾ ਹਵਾਈ ਅੱਡੇ ਦੇ ਵਿਸਥਾਰ ਦੀ ਯੋਜਨਾ ਵਿਚ ਮਾਰ ਹੇਠ ਆਉਣ ਵਾਲੀ ਯਤੀਮ ਬਾਲੜੀ ਭਵਿੱਖ ਧੁੰਦਲਾ

ਗੁਰੂਸਰ ਸੁਧਾਰ / ਸੰਤੋਖ ਗਿੱਲ
ਅੰਤਰਰਾਸ਼ਟਰੀ ਹਲਵਾਰਾ ਹਵਾਈ ਅੱਡੇ ਦੇ ਵਿਸਥਾਰ ਲਈ ਪਿੰਡ ਐਤੀਆਣਾ ਦੇ ਕਰੀਬ 80 ਪਰਿਵਾਰਾਂ ਦੀ ਜ਼ਮੀਨ ਗ੍ਰਹਿਣ ਕਰਨ ਲਈ ਸਰਕਾਰ ਤਿਆਰੀ ਕਰ ਚੁੱਕੀ ਹੈ ਅਤੇ ਮੁੱਢਲਾ ਪੜਾਅ ਪੂਰਾ ਵੀ ਹੋ ਚੁੱਕਾ ਹੈ। ਪੰਜਾਬ ਯੂਨੀਵਰਸਿਟੀ ਦੇ ਮਨੁੱਖੀ ਵਿਗਿਆਨ ਵਿਭਾਗ ਵੱਲੋਂ ਯੋਜਨਾ ਦੇ ਸਮਾਜਿਕ ਪ੍ਰਭਾਵ ਬਾਰੇ ਸਰਕਾਰ ਕੋਲ ਪੇਸ਼ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਰ ਹੇਠ ਆਉਣ ਕਿਸਾਨਾਂ ਵਿਚ ਇੱਕ 13 ਸਾਲਾਂ ਦੀ ਉਹ ਬਾਲੜੀ ਵੀ ਸ਼ਾਮਲ ਹੈ, ਜਿਸ ਦੇ ਮਾਂ-ਬਾਪ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ। ਇਸ ਬਾਲੜੀ ਦੀ ਸਾਂਭ ਸੰਭਾਲ ਕਰਨ ਵਾਲੀ ਕਰੀਬ 70 ਸਾਲਾ ਬਜ਼ੁਰਗ ਭੂਆ ਅਮਰਜੀਤ ਕੌਰ (ਦੋਲੋਂ ਵਾਸੀ) ਨੇ ਦੱਸਿਆ ਕਿ ਗੁੱਡੀਆਂ ਪਟੋਲਿਆਂ ਨਾਲ ਖੇਡਣ ਵੇਲੇ 4 ਸਾਲ ਦੀ ਉਮਰ 'ਚ ਪ੍ਰਨੀਤ ਦੀ ਮਾਂ ਚੱਲ ਵਸੀ ਸੀ ਅਤੇ ਚਾਰ-ਪੰਜ ਸਾਲ ਪਹਿਲਾਂ ਪਿਤਾ ਜਗਦੇਵ ਸਿੰਘ ਦਾ ਸਾਇਆ ਵੀ ਧੀ ਦੇ ਸਿਰ ਤੋਂ ਉੱਠ ਗਿਆ ਸੀ। ਪ੍ਰਨੀਤ ਦਾ ਪਾਲਨ ਪੋਸ਼ਣ ਚਾਚੀਆਂ ਤਾਈਆਂ ਦੇ ਹਿੱਸੇ ਆਇਆ ਪਰ ਮੇਰੇ ਕੋਲੋਂ ਆਪਣੇ ਭਰਾ ਦੀ ਆਖ਼ਰੀ ਨਿਸ਼ਾਨੀ ਦਾ ਦਰਦ ਸਹਿਣ ਨਾ ਹੋਇਆ ਆਖ਼ਰ ਮੈਂ ਉਸ ਨੂੰ ਆਪਣੇ ਕੋਲ ਚੁੱਕ ਲਿਆਈ।
ਪੰਜਾਬ ਯੂਨੀਵਰਸਿਟੀ ਦੀ ਸਰਵੇਖਣ ਟੀਮ ਦੇ ਸਵਾਲਾਂ ਦਾ ਜਵਾਬ ਦੇਣ ਸਮੇਂ ਪ੍ਰਨੀਤ ਦੀਆਂ ਅੱਖਾਂ ਨਮ ਹੋ ਗਈਆਂ ਸਨ ਕਿਉਂਕਿ ਉਸ ਦੇ ਭਵਿੱਖ ਦੀ ਇੱਕੋ-ਇੱਕ ਜ਼ਾਮਨੀ ਉਸ ਦੇ ਹਿੱਸੇ ਦੀ ਕਰੀਬ ਇੱਕ ਏਕੜ ਜ਼ਮੀਨ ਵੀ ਉਸ ਦੇ ਹੱਥੋਂ ਕਿਰਦੀ ਦਿਖਾਈ ਦੇ ਰਹੀ ਸੀ। ਮਾਂ-ਬਾਪ ਦੇ ਸਾਏ ਬਿਨਾ ਪੰਖ ਵਿਹੂਣੀ ਪ੍ਰਨੀਤ ਹੁਣ ਕਾਹਦੇ ਆਸਰੇ ਉਡਾਰੀਆਂ ਮਾਰੇ ? ਉਸ ਦੇ ਮਾਪਿਆਂ ਦੀ ਮੌਤ ਬਾਅਦ ਮਿਲਣ ਵਾਲੀ ਪੈਨਸ਼ਨ ਵੀ ਤਾਂ ਉਸ ਦੇ ਹਿੱਸੇ ਕਦੇ ਨਹੀਂ ਆਈ ਸਗੋਂ ਉਸ ਦੇ ਦਾਦਕੇ ਪਰਿਵਾਰ ਦੇ ਮੈਂਬਰ ਹੀ ਵਸੂਲ ਕਰ ਰਹੇ ਹਨ। ਪ੍ਰਨੀਤ ਦੀ ਭੂਆ ਅਮਰਜੀਤ ਕੌਰ ਨੇ ਕਿਹਾ ਕਿ ਉਹ ਪੜ੍ਹੀ ਲਿਖੀ ਵੀ ਨਹੀਂ ਹੈ ਅਤੇ ਉਮਰ ਦੇ ਇਸ ਪੜਾਅ 'ਤੇ ਉਹ ਕੋਈ ਭੱਜ ਨੱਠ ਵੀ ਨਹੀਂ ਕਰ ਸਕਦੀ। ਪ੍ਰਨੀਤ ਦੇ ਪਿਤਾ ਦੇ ਬੀਮੇ ਦੀ ਰਕਮ ਬਾਰੇ ਵੀ ਹਾਲੇ ਕੋਈ ਖੁਰਾ ਖੋਜ ਨਹੀਂ ਮਿਲਿਆ ਹੈ। ਉਸ ਦੇ ਨਾਮ 'ਤੇ ਪਿਤਾ ਵੱਲੋਂ ਭਰੀਆਂ ਬੀਮੇ ਦੀਆਂ ਕਿਸ਼ਤਾਂ ਬਾਰੇ ਵੀ ਉਸ ਨੂੰ ਕੋਈ ਉੱਘ-ਸੁੱਘ ਨਹੀਂ ਹੈ। ਘਰੇਲੂ ਕੰਮਕਾਰ ਦੇ ਬੋਝ ਹੇਠ ਦੱਬੀ ਪ੍ਰਨੀਤ ਅੱਠਵੀਂ ਜਮਾਤ ਵਿਚ ਹੀ ਪੜ੍ਹਾਈ ਵਿਚ ਪਛੜ ਗਈ ਸੀ। ਪਰ ਉਸ ਦੀ ਭੂਆ ਖ਼ੁਦ ਭਾਵੇਂ ਪੜ੍ਹ ਲਿਖ ਨਹੀਂ ਸਕੀ ਸੀ ਪਰ ਉਸ ਨੇ ਹਿੰਮਤ ਕਰ ਕੇ ਉਸ ਦੀ ਅੱਠਵੀਂ ਜਮਾਤ ਵੀ ਔਖੇ-ਸੌਖੇ ਪਾਰ ਲਗਾ ਦਿੱਤੀ ਹੈ ਅਤੇ ਹੁਣ ਉਹ ਪਿੰਡ ਦੋਲੋਂ ਲਾਗੇ ਹੀ ਮਨਸੂਰਾਂ ਦੇ ਲੜਕੀਆਂ ਲਈ ਸਰਕਾਰੀ ਸਕੂਲ ਵਿਚ ਨੌਵੀਂ ਜਮਾਤ ਵਿਚ ਦਾਖਲ ਹੋ ਗਈ ਹੈ। ਬਹੁਤ ਹੀ ਮੁਸ਼ਕਲ ਨਾਲ ਗੱਲਬਾਤ ਲਈ ਰਾਜ਼ੀ ਹੋਈ ਪ੍ਰਨੀਤ ਨੇ ਦੱਸਿਆ ਕਿ ਉਹ ਪੜ੍ਹਨਾ ਚਾਹੁੰਦੀ ਸੀ ਪਰ ਮਾਂ-ਬਾਪ ਦੀ ਮੌਤ ਬਾਅਦ ਘਰੇਲੂ ਕੰਮਕਾਰ ਦੇ ਬੋਝ ਨੇ ਉਸ ਦੇ ਸਾਰੇ ਸੁਪਨੇ ਰੋਲ ਕੇ ਰੱਖ ਦਿੱਤੇ ਸਨ। ਹੁਣ ਉਹ ਆਪਣੀ ਭੂਆ ਕੋਲ ਖ਼ੁਸ਼ ਹੈ, ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਹਿੱਸੇ ਦੀ ਜ਼ਮੀਨ ਹਲਵਾਰਾ ਹਵਾਈ ਅੱਡੇ ਦੇ ਵਿਸਥਾਰ ਲਈ ਸਰਕਾਰ ਨੇ ਲੈ ਲੈਣੀ ਹੈ ਤਾਂ ਉਹ ਬਹੁਤ ਉਦਾਸ ਹੋ ਗਈ ਅਤੇ ਕੁੱਝ ਵੀ ਬੋਲ ਨਾ ਸਕੀ। ਉਸ ਨੇ ਕਿਹਾ ਕਿ ਮੈਂ ਇਸ ਜ਼ਮੀਨ ਨੂੰ ਕਿਵੇਂ ਬਚਾਅ ਸਕਦੀ ਹਾਂ ਮੇਰੇ ਪਿੰਡ ਦੇ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜ਼ਮੀਨ ਤੋਂ ਹੱਥ ਧੋਣੇ ਪੈਣੇ ਹਨ ਫਿਰ ਉਹ ਕੀਹਦੀ ਵਿਚਾਰੀ ਹੈ।
ਬਲਾਕ ਸੁਧਾਰ ਦੀ ਬਾਲ ਵਿਕਾਸ ਅਤੇ ਇਸਤਰੀ ਭਲਾਈ ਅਫ਼ਸਰ ਰਵਿੰਦਰਪਾਲ ਕੌਰ ਨੇ ਕਿਹਾ ਕਿ ਉਸ ਦੀ ਪੈਨਸ਼ਨ ਸਹੀ ਵਾਰਸਾਂ ਤੱਕ ਪਹੁੰਚਾਉਣ, ਉਸ ਦੀ ਪੜ੍ਹਾਈ ਹਰ ਹਾਲਤ ਵਿਚ ਜਾਰੀ ਰੱਖਣ ਲਈ ਸਾਰੇ ਉਪਰਾਲੇ ਕੀਤੇ ਜਾਣਗੇ ਅਤੇ ਉਸ ਦੀ ਜ਼ਮੀਨ ਸਰਕਾਰ ਵੱਲੋਂ ਗ੍ਰਹਿਣ ਕਰਨ ਦੀ ਸੂਰਤ ਵਿਚ ਉਸ ਦੇ ਆਰਥਿਕ ਅਤੇ ਸਮਾਜਿਕ ਹਿਤ ਸੁਰੱਖਿਅਤ ਰੱਖਣ ਲਈ ਉਹ ਇਹ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਧਿਆਨ ਵਿਚ ਲਿਆਉਣਗੇ। ਵਿਭਾਗ ਵੱਲੋਂ ਉਸ ਦੇ ਹਿਤਾਂ ਦੀ ਰਾਖੀ ਲਈ ਸਮੇਂ ਸਮੇਂ ਨਿਰੀਖਣ ਕੀਤਾ ਜਾਵੇਗਾ ਅਤੇ ਉਸ ਦੇ ਬਾਲਗ ਹੋਣ ਤੱਕ ਜ਼ਮੀਨ ਦੇ ਮੁਆਵਜ਼ੇ ਦੀ ਰਾਸ਼ੀ ਦੀ ਰਾਖੀ ਕੀਤੀ ਜਾਵੇਗੀ।