• Home
  • ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਹੋਵੇਗੀ ਵੱਡੇ ਫ਼ਰਕ ਨਾਲ ਜੇਤੂ : ਡਾ. ਅਮਰ ਸਿੰਘ

ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਹੋਵੇਗੀ ਵੱਡੇ ਫ਼ਰਕ ਨਾਲ ਜੇਤੂ : ਡਾ. ਅਮਰ ਸਿੰਘ

ਅਕਾਲੀ ਦਲ  ਛੱਡਕੇ ਕਈ ਪਰਿਵਾਰ ਹੋਏ ਕਾਂਗਰਸ ਵਿੱਚ ਸਾਮਿਲ

ਅਮਰਗੜ੍ਹ , 01 ਮਈ  (       (ਗੁਰਭਿੰਦਰ ਗਰੀ)      )

ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਨੂੰ ਆਮ ਜਨਤਾ ਵੱਲੋਂ ਭਰਵਾਂ ਹੁੰਗਾਂਰਾ ਮਿਲ ਰਿਹਾ ਹੈ।  ਪਿੰਡਾਂ-ਸ਼ਹਿਰਾਂ ਦੇ ਚੋਣ ਜਲਸਿਆਂ, ਨੁੱਕੜ ਮੀਟਿੰਗਾਂ ਵਿੱਚ ਜੁੜ ਰਿਹਾ ਲੋਕਾਂ ਦਾ ਆਥਾਹ ਇਕੱਠ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਕਾਂਗਰਸ ਪਾਰਟੀ ਇਸ ਹਲਕੇ ਤੋਂ ਵੱਡੇ ਫਰਕ ਨਾਲ ਜੇਤੂ ਰਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਰੋਹੀੜਾ, ਪਿੰਡ ਜਿੱਤਵਾਲ ਕਲਾਂ, ਸਰੌਦ, ਨਾਰੋਮਾਜਰਾ ਅਤੇ ਪਿੰਡ ਹਥੋਆ ਦੇ ਵੱਖ ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਹਲਕਾ ਵਿਧਾਇਕ ਅਮਰਗੜ੍ਹ ਸ਼੍ਰੀ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਹੋਏ ਇਨ੍ਹਾਂ ਇਕੱਠਾਂ ਚ ਬੋਲਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ, ਨੌਜਵਾਨਾਂ ਲਈ ਰੁਜ਼ਗਾਰ ਦੇ ਵਸੀਲੇ ਪੈਦਾ ਕਰਨਾ ਅਤੇ ਪਿੰਡਾਂ-ਸ਼ਹਿਰਾਂ ਦੇ ਵਿਕਾਸ ਲਈ ਬਣਾਈਆਂ ਜਾ ਰਹੀਆਂ ਨੀਤੀਆਂ ਦੀ ਬਦੋਲਤ ਲੋਕ ਆਪ ਮੁਹਾਰੇ ਕਾਂਗਰਸ ਦਾ ਸਾਥ ਦੇ ਰਹੇ ਹਨ। ਲੋਕਾਂ ਵੱਲੋਂ ਮਿਲ ਰਿਹਾ ਸਮਰਥਨ ਉਨ੍ਹਾਂ ਨੂੰ ਜ਼ਰੂਰ ਬਤੌਰ ਐਮ.ਪੀ ਸੇਵਾ ਕਰਨਾ ਦਾ ਮੌਕਾ ਦੇਵੇਗਾ।

          ਡਾ. ਅਮਰ ਸਿੰਘ ਨੇ ਇਸ ਮੌਕੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ 19 ਮਈ ਤੱਕ ਆਪੋ ਆਪਣੀਆਂ ਜ਼ਿੰਮੇਂਵਾਰੀਆਂ ਉਤੇ ਤਕੜੇ ਹੋਕੇ ਪਹਿਰਾ ਦੇਣ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸੂਬੇ ਅੰਦਰ ਆਪਣੀ ਹਾਰ ਨੂੰ ਵੇਖਦਿਆਂ ਬੁਖਲਾਹਟ ਵਿੱਚ ਆ ਚੁੱਕੀ ਹੈ ਜਿਸ ਲਈ ਉਹ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਲਈ ਹਰ ਹੱਥਕੰਡਾ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਅਕਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਆਪਸ ਵਿੱਚ ਵੰਡਣਾ ਚਾਹੁੰਦੀ ਸੀ ਜੋ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆ ਰਿਹਾ ਹੈ।  ਉਨ੍ਹਾਂ ਫਤਿਹਗੜ੍ਹ ਵਾਸੀਆਂ ਨੂੰ ਹਲੂਣਦਿਆਂ ਕਿਹਾ ਕਿ ਪੰਥਕ ਹਲਕਾ ਹੋਣ ਕਰਕੇ ਉਹ ਉਮੀਦ ਕਰਦੇ ਹਨ ਕਿ ਪਿੰਡਾਂ-ਸ਼ਹਿਰਾਂ ਚ ਅਕਾਲੀ ਦਲ ਨੂੰ ਬੇਰੰਗ ਮੋੜਿਆ ਜਾਵੇਗਾ। ਇਸ ਮੌਕੇ ਅਕਾਲੀ ਦਲ ਨੂੰ ਛੱਡਕੇ ਕਈ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ ਜਿੰਨਾਂ ਦਾ ਡਾ. ਅਮਰ ਸਿੰਘ ਅਤੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਭਰਵਾਂ ਸਵਾਗਤ ਕੀਤਾ। ਅਕਾਲੀ ਦਲ ਛੱਡਣ ਵਾਲੇ ਮੁਹੰਮਦ ਨੇਕ ਫੌਜੀ, ਮੁਹੰਮਦ ਅਕਰਮ, ਇਮਤਿਆਜ, ਆਜਮ, ਫਿਰੋਜ, ਸਕੂਰ, ਜੱਸੀ, ਸਰਵਰ, ਸੀਰਾ, ਮੇਜਰ ਖਾਂ, ਨੇਕ ਅਤੇ ਪੰਚ ਰਸਮਾਂ ਆਦਿ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਉਹ ਕਾਂਗਰਸ ਵਿੱਚ ਸਾਮਿਲ ਹੋਏ ਹਨ ਅਤੇ ਭਵਿੱਖ ਵਿੱਚ ਕਾਂਗਰਸ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਤੇਜੀ ਕਮਾਲਪੁਰਾ, ਬਲਜਿੰਦਰ ਸਿੰਘ ਚੀਮਾਂ ਮੈਂਬਰ ਜ਼ਿਲ੍ਹਾ ਪ੍ਰੀਸਦ, ਬਲਦੇਵ ਸਿੰਘ ਭੋਲਾ ਸਰਪੰਚ, ਗੁਰਵਿੰਦਰ ਸਿੰਘ ਰਟੋਲ ਸੰਮਤੀ ਮੈਂਬਰ, ਸਤਾਰ ਮੁਹੰਮਦ ਐਡਵੋਕੇਟ ਆਦਿ ਤੋਂ ਇਲਾਵਾ ਹੋਰ ਹਾਜਰ ਸਨ।