• Home
  • ਆਪਣੀ ਹਾਰ ਨੂੰ ਦੇਖਦਿਆਂ ਪ੍ਰਨੀਤ ਕੌਰ ਝੂਠੇ ਦਾਅਵਿਆਂ ‘ਤੇ ਉਤਰੇ- ਡਾ. ਧਰਮਵੀਰ ਗਾਂਧੀ

ਆਪਣੀ ਹਾਰ ਨੂੰ ਦੇਖਦਿਆਂ ਪ੍ਰਨੀਤ ਕੌਰ ਝੂਠੇ ਦਾਅਵਿਆਂ ‘ਤੇ ਉਤਰੇ- ਡਾ. ਧਰਮਵੀਰ ਗਾਂਧੀ

ਚੰਡੀਗੜ੍ਹ, 29 ਅਪ੍ਰੈਲ - ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਕੇ ਆਖਿਆ ਸ਼੍ਰੀਮਤੀ ਪ੍ਰਨੀਤ ਕੌਰ ਆਪਣੀ ਸਾਫ ਦਿਸ ਰਹੀ ਹਾਰ ਨੂੰ ਦੇਖਦਿਆਂ ਹੁਣ ਝੂਠੀ ਬਿਆਨਬਾਜ਼ੀ ਅਤੇ ਝੂਠੇ ਦਾਅਵਿਆਂ 'ਤੇ ਉੱਤਰ ਆਏ ਹਨ। ਡਾ. ਗਾਂਧੀ ਨੇ ਕਿਹਾ ਕਿ ਪਹਿਲਾਂ ਸ਼੍ਰੀਮਤੀ ਪ੍ਰਨੀਤ ਕੌਰ ਨੇ ਝੂਠਾ ਦਾਅਵਾ ਕਰਦਿਆਂ ਕਿਹਾ ਸੀ ਕਿ ਪਟਿਆਲਾ ਵਿੱਚ ਪਾਸਪੋਰਟ ਦਫਤਰ ਉਹਨਾਂ ਨੇ ਮਨਜ਼ੂਰ ਕਰਵਾਇਆ ਸੀ, ਜਦਕਿ ਮੈਂ ਸ਼੍ਰੀਮਤੀ ਪ੍ਰਨੀਤ ਕੌਰ ਦਾ ਇਹ ਕੋਰਾ ਝੂਠ ਰੱਦ ਕਰਦਿਆਂ ਸੋਸ਼ਲ ਮੀਡੀਆ 'ਤੇ ਉਹ ਸਾਰੇ ਸਬੂਤ ਅਤੇ ਵਿਦੇਸ਼ ਮੰਤਰੀ ਸ਼੍ਰੀਮਤੀ ਸ਼ੁਸ਼ਮਾ ਸਵਰਾਜ ਵੱਲੋਂ ਮੇਰੀ ਅਪੀਲ 'ਤੇ ਪਟਿਆਲਾ ਵਿੱਚ ਪਾਸਪੋਰਟ ਦਫਤਰ ਮਨਜ਼ੂਰ ਕਰਨ ਬਾਬਤ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਚਿੱਠੀ ਵੀ ਪਾਈ ਸੀ। ਡਾ. ਗਾਂਧੀ ਨੇ ਕਿਹਾ ਕਿ ਸ਼੍ਰੀਮਤੀ ਪ੍ਰਨੀਤ ਕੌਰ ਨੇ ਦੂਜਾ ਝੂਠ ਬੋਲਦਿਆਂ ਇਹ ਦਾਅਵਾ ਕੀਤਾ ਹੈ ਕਿ ਪਟਿਆਲਾ ਵਿਚਲਾ ਥਾਪਰ ਕਾਲਜ ਉਹਨਾਂ ਨੇ ਬਣਵਾਇਆ ਹੈ, ਜਦਕਿ ਜਦੋਂ ਥਾਪਰ ਕਾਲਜ ਹੋਂਦ ਵਿੱਚ ਆਇਆ ਸੀ ਉਹਨਾਂ ਸ਼੍ਰੀਮਤੀ ਪ੍ਰਨੀਤ ਕੌਰ ਦੀ ਉਮਰ ਮਹਿਜ਼ 12 ਸਾਲ ਦੀ ਅਤੇ ਉਹ ਸਕੂਲ ਵਿੱਚ ਪੜ੍ਹਦੇ ਸਨ। ਉਨਾਂ ਕਿਹਾ ਕਿ ਸ਼੍ਰੀਮਤੀ ਪ੍ਰਨੀਤ ਕੌਰ ਦਾ ਜਨਮ 3 ਅਕਤੂਬਰ 1944 ਨੂੰ ਹੋਇਆ ਅਤੇ ਥਾਪਰ ਕਾਲਜ ਦੀ ਸਥਾਪਨਾ 9 ਅਪ੍ਰੈਲ 1956 ਵਿੱਚ ਸ਼੍ਰੀ ਕਰਮ ਚੰਦ ਥਾਪਰ ਵੱਲੋਂ ਕੀਤੀ ਗਈ। ਡਾ. ਗਾਂਧੀ ਨੇ ਵਿਅੰਗ ਕਸਦਿਆਂ ਕਿਹਾ ਕਿ ਸ਼੍ਰੀਮਤੀ ਪ੍ਰਨੀਤ ਕੌਰ ਇਹ ਦੱਸਣ ਕਿ ਖੇਡਣ ਕੁੱਦਣ ਦੀ ਬਾਲ ਉਮਰ ਵਿੱਚ ਐਨੀਆਂ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੀ ਸਿਖਲਾਈ ਉਹਨਾਂ ਨੇ ਕਿੱਥੋਂ ਲਈ?