• Home
  • ਕੈਨੇਡਾ ਵੱਸਦੇ ਪਰਵਾਸੀ ਪੰਜਾਬੀ ਕਵੀ ਮੋਹਨ ਗਿੱਲ ਦਾ ਲੁਧਿਆਣਾ ਚ ਸਨਮਾਨ

ਕੈਨੇਡਾ ਵੱਸਦੇ ਪਰਵਾਸੀ ਪੰਜਾਬੀ ਕਵੀ ਮੋਹਨ ਗਿੱਲ ਦਾ ਲੁਧਿਆਣਾ ਚ ਸਨਮਾਨ

ਲੁਧਿਆਣਾ : 10 ਫਰਵਰੀਸੱਰੀ(ਕੈਨੇਡਾ )ਵੱਸਦੇ ਉੱਘੇ ਪੰਜਾਬੀ ਕਵੀ ਮੋਹਨ ਗਿੱਲ(ਡੇਹਲੋਂ) ਨੂੰ ਜੀ ਜੀ ਐੱਨ ਖਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਬੀਤੇ ਦਿਨੀਂ ਇੱਕ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੋਹਨ ਗਿੱਲ ਬਾਰੇ ਜਾਣਕਾਰੀ ਦੇਂਦਿਆਂ ਉਸ ਦੇ ਗੌਰਮਿੰਟ ਕਾਲਿਜ ਲੁਧਿਆਣਾ ਚ 1974-76 ਦੌਰਾਨ ਸਹਿਪਾਠੀ ਰਹੇ ਪ੍ਰੋ:ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਮੋਹਨ ਗਿੱਲ ਅੰਗਰੇਜ਼ੀ ਦੀ ਐੱਮ ਏ ਕਰਦਿਆਂ ਹੀ ਪੰਜਾਬੀ ਵਿੱਚ ਚੰਗੀ ਕਵਿਤਾ ਲਿਖਣ ਲੱਗ ਪਿਆ ਸੀ। ਸਤਵੇਂ ਦਹਾਕੇ ਦੇ ਅਖੀਰ ਚ ਕੈਨੇਡਾ ਜਾ ਕੇ ਉਸਨੇ ਰਵਿੰਦਰ ਰਵੀ, ਗੁਰਦੇਵ ਸਿੰਘ ਮਾਨ,ਗੁਰਚਰਨ ਰਾਮਪੁਰੀ ਤੇ ਤਾਰਾ ਸਿੰਘ ਹੇਅਰ ਦੀ ਸਰਪ੍ਰਸਤੀ ਹੇਠ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ ਜਿਸ ਨਾਲ ਸੱਰੀ ਅਦਬੀ ਸਰਗਰਮੀਆਂ ਦਾ ਕੇਂਦਰ ਬਣ ਗਿਆ। ਮੋਹਨ ਗਿੱਲ ਦੀ ਸਾਹਿੱਤ ਸਿਰਜਣਾ ਬਾਰੇ ਉਨ੍ਹਾਂ ਦੱਸਿਆ ਕਿ ਮੋਹਨ ਹੁਣ ਤੀਕ ਗਿਰਝਾਂ ਦੀ ਹੜਤਾਲ, ਬਨਵਾਸ ਤੋਂ ਬਾਅਦ,ਮੋਖਸ਼,ਤਰੇਲ ਤੁਪਕੇ ਤੇ ਸੈਲਫੀ ਨਾਮ ਦੇ ਕਾਵਿ ਸੰਗ੍ਰਹਿ ਅਤੇ ਕੁਝ ਵਾਰਤਕ ਤੇ ਵਿਅੰਗ ਰਚਨਾਵਾਂ ਲਿਖ ਚੁਕਾ ਹੈ। ਸਮਾਗਮ ਦੇ ਮੁੱੰਖ ਮਹਿਮਾਨ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਸ ਕ ਸੰਧੂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਗੌਰਮਿੰਟ ਕਾਲਿਜ ਦੇ ਪ੍ਰਿੰਸੀਪਲ ਡਾ: ਧਰਮ ਸਿੰਘ ਸੰਧੂ ਤੇ ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਮੋਹਨ ਗਿੱਲ ਨੂੰ ਸਨਮਾਨਿਤ ਕੀਤਾ। ਇਸੇ ਸਮਾਗਮ ਵਿੱਚ ਪ੍ਰਮੁੱਖ ਪਰਵਾਸੀ ਨਾਵਲਕਾਰ ਜਰਨੈਲ ਸਿੰਘ ਸੇਖਾ(ਕੈਨੇਡਾ) ਅਜ਼ੀਮ ਸ਼ੇਖਰ(ਇੰਗਲੈਂਡ) ਤੇ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਤੋਂ ਆਏ ਪੱਤਰਕਾਰ ਗੁਰਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬ ਮੇਲ ਸਪਤਾਹਿਕ ਨੂੰ ਸਨਮਾਨਿਤ ਕੀਤਾ ਗਿਆ।ਇਸੇ ਦੌਰਾਨ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਤੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਸਾਹਿੱਤ ਮੁੱਲਾਂਕਣ ਬਾਰੇ ਤਿੰਨ ਕਿਤਾਬਾਂ ਦਾ ਲੋਕ ਅਰਪਨ ਸਮਾਰੋਹ ਕੀਤਾ ਗਿਆ। ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਤੇ ਪ੍ਰਬੰਧਕ ਕਮੇਟੀ ਦੇ ਆਨਰੇਰੀ ਜਨਰਲ ਸਕੱਤਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਸੁਆਗਤੀ ਸ਼ਬਦ ਕਹੇ। ਪੰਜਾਬ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਸ ਕ ਸੰਧੂ ਪਰਵਾਸੀ ਪੰਜਾਬੀ ਗਲਪ ਦੇ ਬਦਲਦੇ ਪਰਿਪੇਖ, ਪਰਵਾਸੀ ਪੰਜਾਬੀ ਸਾਹਿੱਤ: ਸਿਧਾਂਤਕ ਪਰਿਪੇਖ ਤੇ ਪਰਵਾਸੀ ਪੰਜਾਬੀ ਸਾਹਿੱਤ ਵਿਭਿੰਨ ਪਸਾਰ ਪੁਸਤਕਾਂ ਲੋਕ ਅਰਪਨ ਕੀਤੀਆਂ। ਸਮਾਰੋਹ ਵਿੱਚ ਕਾਲਿਜ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਪੁਸਤਕਾਂ ਬਾਰੇ ਡਾ: ਸੁਰਜੀਤ ਸਿੰਘ ਭੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੁਸਤਕਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਉੱਨੀਵੀਂ ਸਦੀ ਤੇਂ ਬਾਦ ਪੰਜਾਬੀ ਪਰਵਾਸ ਦੀ ਨਿਸ਼ਾਨਦੇਹੀ ਕਰਦਿਆਂ ਪਰਵਾਸ ਦੇ ਸਿਧਾਂਤਕ ਪਰਿਪੇਖ ਦੀ ਬਾਤ ਕਹੀ। ਉਨ੍ਹਾਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਖੋਜ ਕਾਰਜਾਂ ਦੀ ਸ਼ਲਾਘਾ ਕੀਤੀ। ਪੋਸਟ ਗਰੈਜੂਏਟ ਵਿਭਾਗ ਦੇ ਮੁਖੀ ਡਾ:  ਸਰਬਜੀਤ ਸਿੰਘ ਨੇ ਧੰਨਵਾਦੀ ਸ਼ਬਦ ਕਹੇ। ਉਨ੍ਹਾਂ ਦੱਸਿਆ ਕਿ 21-22 ਫਰਵਰੀ ਨੂੰ ਇਸੇ ਕਾਲਿਜ ਚ ਵਿਸ਼ਵ ਪਰਵਾਸੀ ਸਾਹਿੱਤ ਸੰਮੇਲਨ ਕਰਵਾਇਆ ਜਾ ਰਿਹਾ ਹੈ।Attachments area