• Home
  • ਪਿੱਪਲ ਬੋਲਦਾ ਹੈ…

ਪਿੱਪਲ ਬੋਲਦਾ ਹੈ…

ਪਿੱਪਲ ਬੋਲਦਾ ਹ

ਸੁਣਿਓ ਓ ਸੁਣੋ
ਮੇਰੇ ਪੁੱਤਰੋ ਪਿਆਰਿਓ।
ਸੌਂ ਜਾਂਦੇ ਤੁਸੀਂ ਜਦੋਂ
ਨੀਂਦ ਦੇ ਹੁਲਾਰਿਓ।
ਲਗਾਤਾਰ ਜਾਗਦਾ ਮੈਂ
ਦਿਨ ਰਾਤ ਜਾਗਦਾ
ਵੰਡਦਾ ਸਵੱਛ ਪੌਣਾਂ
ਸੁੱਤਾ ਭਾਵੇਂ ਜਾਗਦਾ।

ਸਦਾ ਮੈਂ ਬਹਾਰ ਬਣ
ਝੱਲਦਾ ਹਾਂ ਪੱਖੀਆਂ।
ਕਿਸੇ ਕੋਲੋਂ ਕਦੇ ਵੀ
ਉਮੀਦਾਂ ਨਹੀਂ ਮੈਂ ਰੱਖੀਆਂ।

ਇੱਕੋ ਲੱਤ ਭਾਰ ਖੜ੍ਹਾ
ਸਦੀਆਂ ਤੋਂ ਜਾਣ ਲਓ।
ਬਾਬੇ ਦਾ ਭਰਾ ਤੁਹਾਡੇ
ਮੈਨੂੰ ਪਹਿਚਾਣ ਲਓ।

ਮੇਰੇ ਰਖਵਾਲਿਆਂ ਨੇ
ਮੈਨੂੰ ਪੂਜਿਆ ਨਾ ਜਾਣਿਆ।
ਕਰਕੇ ਸਦੀਵੀ ਵਾੜ
ਐਸਾ ਘੇਰਾ ਤਾਣਿਆ।

ਉਨ੍ਹਾਂ ਨੂੰ ਕੀ ਪਤਾ ਸੀ
ਕਿ ਕਲਯੁਗ ਆਵੇਗਾ।
ਉੱਠੇਗਾ ਸ਼ੈਤਾਨ ਮੈਨੂੰ
ਵੇਚ ਵੱਟ ਖਾਵੇਗਾ।

ਪੂਜਾ ਕਰਵਾ ਕੇ ਮੇਰੀ
ਰੋਟੀਆਂ ਕਮਾਉਣਗੇ।
ਟੂਣਿਆਂ ਦੇ ਜਾਲ ਵਿੱਚ
ਦੁਨੀਆਂ ਫਸਾਉਣਗੇ।

ਧਰਮਾਂ ਦੇ ਨਾਮ ਕਹਿ
ਪਾਖੰਡ ਸੌ ਕਰਾਉਣਗੇ।
ਮੇਰੀਆਂ ਹੀ ਜੜ੍ਹਾਂ ਵਿੱਚ
ਤੇਲ ਪਾ ਸੁਕਾਉਣਗੇ।

ਮੱਥੇ ਤੇ ਸੰਧੂਰ ਜੜ
ਜੱਗ ਭਰਮਾਉਣਗੇ।
ਮੌਲੀ ਦੀਆਂ ਤੰਦਾਂ ਬੰਨ੍ਹ
ਏਥੇ ਡੇਰਾ ਲਾਉਣਗੇ।

ਰਿਸ਼ੀ ਮੇਰੀ ਆਤਮਾ ਨੂੰ
ਏਦਾਂ ਇਹ ਸਤਾਉਣਗੇ।
ਬੜਾ ਤੜਫਾਉਣਗੇ।
ਨੰਗੇ ਧੜ ਖੜ੍ਹੇ ਮੈਨੂੰ
ਲੀਰਾਂ ਪਹਿਨਾਉਣਗੇ।

ਕਦੇ ਵੀ ਨਾ ਸੋਚਿਆ ਮੈਂ
ਇਹ ਵੀ ਦਿਨ ਆਉਣਗੇ।

ਮੇਰੀ ਗੱਲ ਸੁਣੋ ਪੁੱਤ
ਪੱਲੇ ਵਿੱਚ ਬੰਨ੍ਹ ਲਉ।
ਚਾਹੋ ਜੇ ਜਿਉਣਾ ਹੋਰ
ਸੁਣੋ, ਗੱਲ ਮੰਨ ਲਉ।

ਮੈਨੂੰ ਤਾਂ ਪਿਆਰ ਪਾਣੀ
ਖਾਦ ਵਾਂਗੂੰ ਲੱਗਦਾ।
ਫ਼ਿਕਰ ਤਾਂ ਮੈਨੂੰ ਹੈ
ਜਹਾਨ ਸਾਰੇ ਜੱਗ ਦਾ।
ਪੰਛੀ ,ਪਰਿੰਦੇ ,ਬੰਦੇ,
ਪਸ਼ੂਆਂ ਦੇ ਵੱਗ ਦਾ।

ਪੀਂਘਾਂ ਪਾਉਣ ਵਾਲੀਆਂ ਦੇ
ਝੁੰਡ ਕਿੱਥੇ ਤੁਰ ਗਏ?
ਚਾਵਾਂ ਦੇ ਬਨੇਰੇ ਢੱਠੇ
ਕੰਢੇ ਵੀ ਨੇ ਭੁਰ ਗਏ।

ਮੇਰੇ ਕੋਲ ਬਹਿਣ ਵਾਲੇ
ਮਰ ਮੁੱਕ ਗਏ ਨੇ।
ਤਾਂ ਹੀ ਤਾਂ ਪਿਆਰ ਵਾਲੇ
ਸੋਮੇ ਸੁੱਕ ਗਏ ਨੇ।

ਗੁਰਭਜਨ ਗਿੱਲ
13.9.2018